ਟਾਪ ਨਿਊਜ਼ਪੰਜਾਬ

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਮੁਹਾਲੀ ‘ਚ ਪ੍ਰਦਰਸ਼ਨ, CM ਹਾਊਸ ਦੇ ਘਿਰਾਓ ਦਾ ਕੀਤਾ ਸੀ ਐਲਾਨ

ਮੋਹਾਲੀ – ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਤਵਾਰ ਨੂੰ ਚੰਡੀਗੜ੍ਹ ਵਿਚ ਵੱਡਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੌਮੀ ਇਨਸਾਫ਼ ਮੋਰਚੇ ਦਾ ਇੱਕ ਵਿਸ਼ੇਸ਼ ਜਥਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੂੰ ਘੇਰਾ ਪਾਉਣ ਲਈ ਨਿਕਲਿਆ। ਜਥੇ ਵਿਚ ਵੱਖ-ਵੱਖ ਥਾਵਾਂ ਤੋਂ ਆਏ ਸੰਤ-ਸਮਾਜ ਦੀਆਂ ਜਥੇਬੰਦੀਆਂ ਵੀ ਸ਼ਾਮਲ ਸਨ। ਸਾਰੇ ਪੈਦਲ ਮਾਰਚ ਕਰਦੇ ਹੋਏ ਸੈਕਟਰ-52 ਦੇ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਪਹੁੰਚੇ। ਉਥੇ ਤਾਇਨਾਤ ਮੁਹਾਲੀ ਪੁਲਿਸ ਦੇ ਐਸਪੀ ਨੇ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਇਨਕਾਰ ਕੀਤਾ।

ਪੁਲਿਸ ਤੋਂ ਇਜਾਜ਼ਤ ਨਾ ਮਿਲਣ ’ਤੇ ਸੰਤ ਸਮਾਜ ਦੇ ਲੋਕਾਂ ਨੇ ਸਰਹੱਦ ਨੇੜੇ ਸੜਕ ’ਤੇ ਟੈਂਟ ਲਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਨਾਲ ਭੁੱਖ ਹੜਤਾਲ ਵਿਚ ਪਹੁੰਚ ਕਰਦੇ ਸਨ ਅਤੇ ਉਨ੍ਹਾਂ ਦੀ ਜਲਦੀ ਰਿਹਾਈ ਦੀ ਗੱਲ ਕਰਦੇ ਸਨ ਪਰ ਅੱਜ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਅਚਾਨਕ ਬਦਲ ਗਏ।

ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਰਾਜ ਸਦਾ ਨਹੀਂ ਰਿਹਾ ਕਰਦਾ। ਜੇਕਰ ਪੰਜਾਬ ਦੇ ਲੋਕਾਂ ਨੇ ਕੁਰਸੀ ਬਖਸ਼ੀ ਹੈ ਤਾਂ ਇਨਸਾਫ਼ ਦੇਣਾ ਉਹਨਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਇਸ ਦੇ ਨਾਲ ਹੀ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਸ ਮਾਰਚ ਵਿਚ ਹਿੱਸਾ ਲਿਆ ਤੇ ਕਿਹਾ ਕਿ ਸਰਕਾਰ ਸਿੱਖਾਂ ਦੀਆਂ ਤਿੰਨ ਮੁੱਖ ਮੰਗਾਂ ਵੱਲ ਧਿਆਨ ਦੇਵੇ ਅਤੇ ਨਜ਼ਰਬੰਦ ਸਿੱਖਾਂ ਨੂੰ ਜਲਦ ਤੋਂ ਜਲਦ ਰਿਹਾਅ ਕਰੇ।

ਉਹਨਾਂ ਨੇ ਕਿਹਾ ਕਿ ਸਾਨੂੰ ਕਾਲੇ ਝੰਡਿਆਂ ਨਾਲ ਅੱਜ ਰੋਸ ਮਾਰਚ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦੀ ਕੁਰਬਾਨੀਆਂ ਵੀ ਸਿੱਖਾਂ ਨੇ ਕੀਤੀਆਂ ਅਤੇ ਅੱਜ ਇਨਸਾਫ਼ ਲਈ ਸੜਕਾਂ ਉਤੇ ਵੀ ਬੈਠੇ ਹਨ। ਇਸ ਮੌਕੇ ਕੌਮੀ ਇਨਸਾਫ਼ ਮੋਰਚਾ ਦੇ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਮੰਗਾਂ ਪਹਿਲਾਂ ਦੇ ਅਧਾਰ ‘ਤੇ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹ ਭੀਖ ਨਹੀਂ ਮੰਗ ਰਹੇ ਬਲਕਿ ਇਹ ਉਹਨਾਂ ਦੀਆਂ ਹੱਕੀ ਮੰਗਾਂ ਹਨ। ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਮਾਤ-ਭੂਮੀ ਪੰਜਾਬ ਹੈ ਤੇ ਦਿੱਲੀ ਵਿਚ ਉਹਨਾਂ ‘ਤੇ ਕੋਈ ਕੇਸ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਦਾਲਤ ਦੇ ਵੀ ਹੁਕਮ ਹਨ ਕਿ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਵਿਚ ਪੇਸ਼ ਕੀਤਾ ਜਾਵੇ ਪਰ ਸਰਕਾਰਾਂ ਅਪਣੀ ਜਿੱਦ ‘ਤੇ ਅੜੀਆਂ ਹਨ ਤੇ ਉਹਨਾਂ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ। ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਤਾਂ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ।

ਕੌਮੀ ਇਨਸਾਫ਼ ਮੋਰਚਾ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕਰ ਚੁੱਕਾ ਸੀ। ਇਸ ਦੇ ਮੱਦੇਨਜ਼ਰ ਮੁਹਾਲੀ ਅਤੇ ਚੰਡੀਗੜ੍ਹ ਪੁਲਿਸ ਚੌਕਸ ਸੀ। ਪੁਲਿਸ ਨੇ ਪਹਿਲਾਂ ਹੀ ਮੁਹਾਲੀ-ਚੰਡੀਗੜ੍ਹ ਸਰਹੱਦ ‘ਤੇ ਜਵਾਨ ਅਤੇ ਕਮਾਂਡੋ ਤਾਇਨਾਤ ਕੀਤੇ ਹੋਏ ਸਨ। ਜਿਵੇਂ ਹੀ ਕੌਮੀ ਇਨਸਾਫ਼ ਮੋਰਚਾ ਸਰਹੱਦ ‘ਤੇ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਲਿਆ। ਨਾਕੇ ‘ਤੇ ਐਸਪੀ, ਡੀਐਸਪੀ, ਫੇਜ਼-8 ਥਾਣੇ ਦੇ ਐਸਐਚਓ, ਮਟੌਰ ਥਾਣੇ ਦੇ ਐਸਐਚਓ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-