ਮਾਨਸਾ (ਗੁਜਰਾਤ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਰੋਧੀ ਗੱਠਜੋੜ ਦੀ ਤੁਲਨਾ ‘ਪੁਰਾਣੀ ਬੋਤਲ ’ਚ ਪੁਰਾਣੀ ਸ਼ਰਾਬ’ ਨਾਲ ਕੀਤੀ ਅਤੇ ਦਾਅਵਾ ਕੀਤਾ ਕਿ ਇਹ 12 ਲੱਖ ਕਰੋੜ ਮੁੱਲ ਦੇ ਭ੍ਰਿਸ਼ਟਚਾਰ ਸ਼ਾਮਲ ਨੇਤਾਵਾਂ ਦਾ ਇੱਕ ਗਰੁੱਪ ਹੈ। ਉਹ ਗਾਂਧੀਨਗਰ ’ਚ ਕੌਮੀ ਸੁਰੱਖਿਆ ਗਾਰਡ (ਐੱਨਸੀਜੀ) ਦੇ ਖੇਤਰੀ ਕੇਂਦਰ ਦਾ ਨੀਂਹ ਪੱਥਰ ਰੱਖਣ ਮਗਰੋਂ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਵਿਰੋਧੀ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਉਸ ਦੇ ਸ਼ਾਸਨ ਦੌਰਾਨ ਭਾਰਤ ਦੀ ਅਰਥਵਿਵਸਥਾ ਦੁਨੀਆਂ ’ਚ 11ਵੇਂ ਸਥਾਨ ਤੋਂ ਅੱਗੇ ਨਹੀਂ ਵਧ ਸਕੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ 5ਵੇੇਂ ਸਥਾਨ ’ਤੇ ਪਹੁੰਚਾ ਦਿੱਤਾ। ਦੱਸਣਯੋਗ ਹੈ ਕਿ 2024 ਦੀਆਂ ਆਮ ਚੋਣਾਂ ’ਚ ਭਾਜਪਾ ਦੇ ਟਾਕਰੇ ਲਈ 26 ਪਾਰਟੀਆਂ ਨੇ ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਐਲਾਇੰਸ (ਇੰਡੀਆ) ਗੱਠਜੋੜ ਬਣਾਇਆ ਹੈ। ਸ਼ਾਹ ਨੇ ਕਿਹਾ, ‘‘ਸਾਂਝਾ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਅਤੇ ਕਾਂਗਰਸ 12 ਲੱਖ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ’ਚ ਸ਼ਾਮਲ ਨੇਤਾਵਾਂ ਦਾ ਗੱਠਜੋੜ ਹੈ। ਉਨ੍ਹਾਂ ਨੇ ਹੁਣ ਆਪਣਾ ਨਾਮ ਬਦਲ ਲਿਆ ਹੈ। ਪਰ ਤੁਸੀਂ ਉਨ੍ਹਾਂ ਨੂੰ ਯੂਪੀਏ ਵਜੋਂ ਜਾਣੋਗੇ। 12 ਲੱਖ ਕਰੋੜ ਰੁਪਏ ਦੇ ਘੁਟਾਲਾ ਕਰਨ ਵਾਲਿਆਂ ਨੂੰ ਵੋਟ ਕੌਣ ਪਾਵੇਗਾ।  ਕੇਂਦਰੀ ਮੰਤਰੀ ਨੇ ਆਖਿਆ, ‘‘ਕੀ ਤੁਸੀਂ ‘‘ਨਵੀਂ ਬੋਤਲ ’ਚ ਪੁਰਾਣੀ ਸ਼ਰਾਬ ਵਾਲੀ ਕਹਾਵਤ ਸੁਣੀ ਹੈ। ਪਰ ਇੱਥੇ ਬੋਤਲ ਅਤੇ ਸ਼ਰਾਬ ਦੋਵੇਂ ਪੁਰਾਣੀਆਂ ਹਨ। ੲਿਸ ਲਈ ਠੱਗੀ ਦਾ ਸ਼ਿਕਾਰ ਨਾਲ ਬਣੋ।’’ -ਪੀਟੀਆਈ