ਇਸਲਾਮਾਬਾਦ: ਪਾਕਿਸਤਾਨ ਦੇ ਇਲੈਕਟ੍ਰੋਨਿਕ ਮੀਡੀਆ ਨਿਗਰਾਨ ਨੇ ਟੀਵੀ ਚੈਨਲਾਂ ਨੂੰ ਪੱਤਰਕਾਰਾਂ ਸਣੇ 11 ਲੋਕਾਂ ਨੂੰ ਏਅਰ ਸਪੇਸ ਦੇਣ ਤੋਂ ਰੋਕ ਦਿੱਤਾ ਹੈ। ਜਿਨ੍ਹਾਂ 11 ਲੋਕਾਂ ਦੀ ਕਵਰੇਜ ’ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿਚੋਂ ਬਹੁਗਿਣਤੀ ’ਤੇ ਫੌਜ ਤੇ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀ ਨੁਕਤਾਚੀਨੀ ਕਰਨ ਦਾ ਦੋਸ਼ ਹੈ ਤੇ ਕੋਰਟਾਂ ਇਨ੍ਹਾਂ ਨੂੰ ਭਗੌੜੇ ਐਲਾਨ ਚੁੱਕੀਆਂ ਹਨ। ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ (ਪੇਮਰਾ) ਨੇ ਸਿੰਧ ਹਾਈ ਕੋਰਟ ਵੱਲੋਂ ਸੁਣਾਏ ਇਕ ਫੈਸਲੇ ਦੇ ਹਵਾਲੇ ਨਾਲ ਉਪਰੋਕਤ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ 11 ਵਿਅਕਤੀਆਂ ਵਿੱਚ ਸਾਬਿਰ ਸ਼ਕੀਰ, ਮੋਇਦ ਪੀਰਜ਼ਾਦਾ, ਵਜਾਹਤ ਸਈਦ ਖ਼ਾਨ, ਸ਼ਾਹੀਨ ਸਹਬਿਾਈ, ਆਦਿਲ ਫਾਰੂਕ ਰਾਜਾ, ਅਲੀ ਨਵਾਜ਼ ਅਵਾਨ, ਮੁਰਾਦ ਸਈਦ ਤੇ ਹਮਾਦ ਅਜ਼ਹਰ ਸ਼ਾਮਲ ਹਨ।