ਸਿੱਖਾਂ ਦੇ ਭੇਸ ’ਚ ਆਏ ਬੰਦਿਆਂ ਵੱਲੋਂ ਮੰਦਰ ’ਚ ਕੱਥਿਤ ਭੰਨਤੋੜ
ਓਟਵਾ (ਕੈਨੇਡਾ): ਸਿੱਖਾਂ ਦੇ ਭੇਸ ’ਚ ਆਏ ਅਨਸਰਾਂ ਵੱਲੋਂ ਸ਼ਨਿੱਚਰਵਾਰ ਦੇਰ ਰਾਤ ਬ੍ਰਿਟਿਸ਼ ਕੋਲੰਬੀਆ ਦੇ ਹਿੰਦੂ ਮੰਦਿਰ ਵਿੱਚ ਭੰਨਤੋੜ ਕੀਤੀ ਗਈ। ਮੰਦਿਰ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਵੀ ਲਾਏ ਗਏ। ਆਸਟਰੇਲੀਆ ਟੂਡੇ ਨੇ ਇਕ ਟਵੀਟ ਵਿੱਚ ਕਿਹਾ ਕਿ ਮੰਦਿਰ ਵਿਚ ਭੰਨਤੋੜ ਦੀ ਘਟਨਾ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੀ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋ ਗਈ ਹੈ। ਆਸਟਰੇਲੀਆ ਟੂਡੇ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦੋ ਨਕਾਬਪੋਸ਼ ਭੱਜਣ ਤੋਂ ਪਹਿਲਾਂ ਮੰਦਿਰ ਦੀ ਕੰਧ ’ਤੇ ਪੋਸਟਰ ਲਾਉਂਦੇ ਤੇ ਤਸਵੀਰਾਂ ਖਿੱਚਦੇ ਨਜ਼ਰ ਆ ਰਹੇ ਹਨ। ਮੰਦਰ ਦੇ ਗੇਟ ’ਤੇ ਲਾਏ ਪੋਸਟਰ ਵਿੱਚ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵੀ ਹੈ, ਜਿਸ ਦੀ ਇਸ ਸਾਲ ਜੂਨ ਵਿੱਚ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਆਸਟ੍ਰੇਲੀਆ ਵਿੱਚ ਹਿੰਦੂ ਮੰਦਰ ਉੱਤੇ ਖ਼ਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਵਿੱਚ ਕੁੱਝ ਹਿੰਦੂ ਨੌਜਵਾਨ ਹੀ ਫ਼ੜੇ ਗਏ ਸਨ ਜਿਨ੍ਹਾਂ ਦਾ ਮਕਸਦ ਵਿਦੇਸ਼ਾਂ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਨਾ ਸੀ।