ਫੀਚਰਜ਼ਫ਼ੁਟਕਲ

ਪੰਚਕੂਲਾ ਦੇ ਗਲੈਕਸੀ ਬਾਰ ‘ਤੇ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਕੀਤੇ ਬਰਾਮਦ, ਮੈਨੇਜਰ ਗ੍ਰਿਫਤਾਰ

ਪੰਚਕੂਲਾ: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-10 ਵਿਚ ਸਥਿਤ ਗਲੈਕਸੀ ਬਬਲਜ਼ ਬਾਰ ਵਿਚ ਪੁਲਿਸ ਨੇ ਛਾਪਾ ਮਾਰਿਆ। ਪੁਲਿਸ ਨੇ ਛਾਪੇਮਾਰੀ ਦੌਰਾਨ 6 ਹੁੱਕੇ, 4 ਪੈਕਟ ਨਿਕੋਟੀਨ ਦੇ ਫਲੇਵਰਡ ਸਿਗਰੇਟ, 6 ਪਾਈਪਾਂ ਅਤੇ 6 ਚਿਲਮ ਬਰਾਮਦ ਕੀਤੇ। ਬਾਰ ‘ਚ 300 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਪਾਰਟੀ ਕਰ ਰਹੇ ਸਨ, ਜੋ ਪੁਲਿਸ ਨੂੰ ਦੇਖ ਕੇ ਭੱਜ ਗਏ। ਪੁਲਿਸ ਨੇ ਮੈਨੇਜਰ ਅਤੇ ਮਾਲਕ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਨੇਜਰ ਦੀ ਪਛਾਣ ਅਮਿਤ ਕੁਮਾਰ ਵਾਸੀ ਪੀਰਮੁਚੱਲਾ ਜ਼ੀਰਕਪੁਰ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-10 ਦੀ ਚੌਕੀ ਇੰਚਾਰਜ ਜਗਦੀਸ਼ ਚੰਦ ਅਤੇ ਏਸੀਪੀ ਸੁਰਿੰਦਰ ਸਿੰਘ ਆਪਣੀ ਟੀਮ ਸਮੇਤ ਸਿਵਲ ਡਰੈੱਸ ਵਿਚ ਛਾਪੇਮਾਰੀ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੀ ਕਾਰ ‘ਤੇ ਲਾਲ ਬੱਤੀਆਂ ਵੀ ਨਹੀਂ ਸਨ। ਪੁਲਿਸ ਨੇ ਦੇਰ ਰਾਤ ਕਰੀਬ 12 ਵਜੇ ਛਾਪੇਮਾਰੀ ਕੀਤੀ।

ਡੀਸੀਪੀ ਸੁਮੇਰ ਪ੍ਰਤਾਪ ਸਿੰਘ ਨੇ ਦਸਿਆ ਕਿ ਸ਼ਹਿਰ ਦੇ ਕਲੱਬਾਂ, ਬਾਰਾਂ, ਕੈਫੇ, ਲੌਂਜ ਆਦਿ ਵਿਚ ਨਿਕੋਟੀਨ ਤੰਬਾਕੂ ਦੇ ਨਾਲ ਵੱਖ-ਵੱਖ ਫਲੇਵਰਾਂ ਦੇ ਹਾਨੀਕਾਰਕ ਨਸ਼ੀਲੇ ਪਦਾਰਥ ਪਰੋਸੇ ਜਾਂਦੇ ਹਨ ਜੋ ਕਿ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ। ਇਸ ਦਾ ਨੋਟਿਸ ਲੈਂਦਿਆਂ 22 ਜੁਲਾਈ 2023 ਤੋਂ ਸ਼ਹਿਰ ਵਿਚ ਹੁੱਕੇ ਦੀ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਕੀਤੀ ਜਾਵੇਗੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-