UAE ਦੇ ਪੁਲਾੜ ਯਾਤਰੀ ਨੇ ਪੁਲਾੜ ਤੋਂ ਖਿੱਚੀਆਂ ਹਿਮਾਲਿਆ ਦੀਆਂ ਖੂਬਸੂਰਤ ਤਸਵੀਰਾਂ
ਆਬੂ ਧਾਬੀ: ਸੰਯੁਕਤ ਅਰਬ ਅਮੀਰਾਤ ਦੇ ਪੁਲਾੜ ਯਾਤਰੀ ਸੁਲਤਾਨ ਅਲ ਨੇਯਾਦੀ ਨੇ ਇਕ ਵਾਰ ਫਿਰ ਕੁੱਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਾਰ ਦੀਆਂ ਤਸਵੀਰਾਂ ਬਰਫ਼ ਨਾਲ ਢਕੇ ਹਿਮਾਲਿਆ ਦੀਆਂ ਹਨ ਜੋ ਏਸ਼ੀਆ ਦੀ ਇਕ ਪਹਾੜੀ ਲੜੀ ਹੈ, ਜਿਸ ਵਿਚ ਮਾਊਂਟ ਐਵਰੈਸਟ ਵੀ ਸ਼ਾਮਲ ਹੈ।
ਹਿਮਾਲਿਆ ਦੀ ਸੀਮਾ ਭਾਰਤ, ਪਾਕਿਸਤਾਨ, ਚੀਨ, ਭੂਟਾਨ ਅਤੇ ਨੇਪਾਲ ਤਕ ਫੈਲੀ ਹੋਈ ਹੈ। ਇਸ ਦੀ ਉਚਾਈ ਦੇ ਕਾਰਨ, ਇਸ ਨੂੰ ਭਾਰਤ ਦਾ ਰੱਖਿਅਕ ਵੀ ਕਿਹਾ ਜਾਂਦਾ ਹੈ। ਨੇਯਾਦੀ ਇਸ ਸਮੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਛੇ ਮਹੀਨਿਆਂ ਦੇ ਮਿਸ਼ਨ ‘ਤੇ ਹੈ। ਉਸ ਨੇ ਪੁਲਾੜ ਤੋਂ ਹਿਮਾਲਿਆ ਦੀਆਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ।
ਨੇਯਾਦੀ ਨੇ ਟਵਿਟਰ ‘ਤੇ ਬਰਫ਼ ਨਾਲ ਢਕੇ ਹਿਮਾਲਿਆ ਦੀਆਂ ਤਸਵੀਰਾਂ ਪੋਸਟ ਕੀਤੀਆਂ। ਨੇਯਾਦੀ ਨੇ ਹਿਮਾਲਿਆ ਨੂੰ ਗ੍ਰਹਿ ‘ਤੇ ਸੱਭ ਤੋਂ ਅਮੀਰ ਕੁਦਰਤ ਸਥਾਨ ਦਸਿਆ। ਨੇਯਾਦੀ ਦੁਆਰਾ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ, ਹਿਮਾਲਿਆ ਉਤੇ ਬੱਦਲਾਂ ਦੀ ਇਕ ਚਾਦਰ ਵੇਖੀ ਜਾ ਸਕਦੀ ਹੈ। ਇਨ੍ਹਾਂ ਖੂਬਸੂਰਤ ਤਸਵੀਰਾਂ ਨੇ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ। ਉਸ ਨੇ ਫੋਟੋਆਂ ਦੇ ਨਾਲ ਕੈਪਸ਼ਨ ਲਿਖਿਆ, ‘ਪੁਲਾੜ ਤੋਂ ਹਿਮਾਲਿਆ। ਐਵਰੈਸਟ ਦਾ ਘਰ, ਧਰਤੀ ‘ਤੇ ਸਮੁੰਦਰੀ ਤਲ ਤੋਂ ਸੱਭ ਤੋਂ ਉੱਚਾ ਬਿੰਦੂ, ਇਹ ਪਹਾੜ ਸਾਡੇ ਗ੍ਰਹਿ ਦੇ ਅਮੀਰ ਕੁਦਰਤ ਦੇ ਪ੍ਰਤੀਕ ਚਿੰਨ੍ਹਾਂ ਵਿਚੋਂ ਇਕ ਹਨ।’ ਨੇਯਾਦੀ ਦੀ ਪੋਸਟ ਨੂੰ ਲਗਭਗ 50,000 ਲੋਕਾਂ ਨੇ ਦੇਖਿਆ ਹੈ ਅਤੇ 600 ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।