ਪੰਜਾਬ

ਪੰਜਾਬ ਨੈਸ਼ਨਲ ਬੈਂਕ ਚੋਰੀ ਦੀ ਵੱਡੀ ਵਾਰਦਾਤ; ਕੰਪਿਊਟਰ ਸਕਰੀਨਾਂ, ਏਸੀ ਤੇ ਹੋਰ ਸਾਮਾਨ ਲੈ ਗਏ ਚੋਰ

ਗੁਰੂ ਕਾ ਬਾਗ : ਅਣਪਛਾਤੇ ਚੋਰਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ਦੀ ਬਰਾਂਚ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਵਿੱਚੋਂ 1 ਏਸੀ, ਬੈਟਰੀਆਂ, 2 ਕੰਪਿਊਟਰ ਸਕਰੀਨਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋਣ ਖ਼ਬਰ ਮਿਲੀ ਹੈ।

ਬੈਂਕ ਦੇ ਮੈਨੇਜਰ ਰਾਹੁਲ ਬਜਾਜ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਬੈਂਕ ਦੇ ਪਿਛਲੇ ਪਾਸੇ ਦੀ ਕੰਧ ਨੂੰ ਪਾੜ ਕੇ ਅੰਦਰੋਂ 10 ਬੈਟਰੀਆਂ ਦਾ ਸੈੱਟ, 2 ਕੰਪਿਊਟਰ ਸਕਰੀਨਾਂ, ਇੱਕ ਏਸੀ ਦਾ ਅੰਦਰਲਾ ਯੂਨਿਟ, ਇੱਕ ਮਾਊਸ, 2 ਕੀ ਬੋਰਡ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਅਤੇ ਨਕਦੀ ਚੋਰੀ ਕਰਨ ਦੇ ਮਕਸਦ ਨਾਲ ਏਟੀਐੱਮ ਮਸ਼ੀਨ ਦੇ ਭੁਲੇਖੇ ਅੰਦਰ ਲੱਗੀ ਪਾਸ ਬੁੱਕ ਪ੍ਰਿੰਟ ਕਰਨ ਵਾਲੀ ਮਸ਼ੀਨ ਦੀ ਕਾਫੀ ਭੰਨਤੋੜ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਚੋਰੀ ਦਾ ਪਤਾ ਸੋਮਵਾਰ ਸਵੇਰੇ ਬੈਂਕ ਖੁੱਲ੍ਹਣ ‘ਤੇ ਲੱਗਾ ਅਤੇ ਜਿਸਦੀ ਸੂਚਨਾ ਬੈਂਕ ਅਧਿਕਾਰੀਆਂ ਨੇ ਪੁਲਿਸ ਥਾਣਾ ਝੰਡੇਰ ਨੂੰ ਦਿੱਤੀ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਅਤੇ ਹੋਰ ਅਹਿਮ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਜ਼ਿਕਰਯੋਗ ਹੈ ਇਸ ਬੈਂਕ ਵਿੱਚ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਮਹੀਨਾ ਪਹਿਲਾਂ ਬਿਲਕੁੱਲ ਬੈਂਕ ਦੇ ਨਾਲ ਲੱਗਦੇ ਤਰਕਸ਼ੀਲ ਸੀਮੈਂਟ ਸਟੋਰ ਵਿੱਚ ਵੀ ਚੋਰੀ ਹੋਈ ਸੀ ਪਰ ਉਸ ਕੇਸ ਵਿੱਚ ਹੁਣ ਤੱਕ ਪੁਲਿਸ ਦੇ ਹੱਥ ਖਾਲੀ ਹਨ ਅਤੇ ਚੋਰਾਂ ਦੇ ਹੌਂਸਲੇ ਬੁਲੰਦ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੈਂਕ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਾ ਦਿਨੇ ਅਤੇ ਨਾ ਹੀ ਰਾਤ ਵੇਲੇ ਬੈਂਕ ਵਿੱਚ ਕੋਈ ਸਕਿਉਰਟੀ ਗਾਰਡ ਮੌਜੂਦ ਹੁੰਦਾ ਹੈ। ਥਾਣਾ ਝੰਡੇਰ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਹੱਥ ਸੀਸੀਟੀਵੀ ਫੁਟੇਜ ਤੋਂ ਇਲਾਵਾ ਕਈ ਅਹਿਮ ਸੁਰਾਗ ਲੱਗੇ ਹਨ ਅਤੇ ਜਲਦੀ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ ।

ਇਸ ਖ਼ਬਰ ਬਾਰੇ ਕੁਮੈਂਟ ਕਰੋ-