ਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਅਲਰਟ, ਇਸ ਤਾਰੀਖ਼ ਦੀ ਕੀਤੀ ਭਵਿੱਖਬਾਣੀ
ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਇਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਵਿਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ ਅਤੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ, ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। 13-14 ਅਤੇ 15 ਅਗਸਤ ਤੱਕ ਬਾਰਸ਼ ਦਾ ਦੌਰ ਜਾਰੀ ਰਹੇਗਾ। ਆਈਐਮਡੀ ਅਨੁਸਾਰ ਮੱਧ-ਟ੍ਰੋਪੋਸਫੇਅਰਿਕ ਪੱਛਮੀ ਹਵਾਵਾਂ ਵਿਚ ਇਕ ਪੱਛਮੀ ਗੜਬੜੀ ਕਾਰਨ ਕਈ ਖੇਤਰਾਂ ਵਿਚ ਭਾਰੀ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਉੱਤਰਾਖੰਡ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਸ਼ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ (IMD) ਨੇ ਪਹਾੜੀ ਰਾਜ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਇੱਥੇ ਆਈ. ਐੱਮ. ਡੀ ਨੇ 13 ਅਤੇ 14 ਅਗਸਤ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਹਿਮਾਚਲ ਦੇ ਮੀਂਹ ਨੇ ਵਧਾਈ ਪੰਜਾਬ ਦੀ ਚਿੰਤਾ
ਦੂਜੇ ਪਾਸੇ ਹਿਮਾਚਲ ਵਿਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਪੰਜਾਬ ਦੀ ਚਿੰਤਾ ਵਧਾ ਦਿੱਤੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ.ਬੀ.) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਭਾਖੜਾ ਦੇ ਪਾਣੀ ਦਾ ਪੱਧਰ 1674.51 ਫੁੱਟ ਤੱਕ ਪਹੁੰਚ ਗਿਆ। ਭਾਖੜਾ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 6 ਫੁੱਟ ਹੇਠਾਂ ਹੈ। ਜਿਸ ਕਾਰਨ ਪੰਜਾਬ ਦੀਆਂ ਚਿੰਤਾਵਾਂ ਵਧਣੀਆਂ ਸੁਭਾਵਕ ਹਨ। ਭਾਖੜਾ ਦੇ ਫਲੱਡ ਗੇਟ ਐਤਵਾਰ ਨੂੰ ਟੈਸਟਿੰਗ ਲਈ 2 ਫੁੱਟ ਤੱਕ ਖੋਲ੍ਹੇ ਗਏ ਸਨ। ਜਿਸ ਵਿਚੋਂ ਕਰੀਬ 8100 ਕਿਊਸਿਕ ਪਾਣੀ ਛੱਡਿਆ ਗਿਆ।
ਕੁੱਲ 46827 ਕਿਊਸਿਕ ਪਾਣੀ ਛੱਡਿਆ ਗਿਆ
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਵਿਚ ਹੋਈ ਬਾਰਿਸ਼ ਤੋਂ ਬਾਅਦ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਟਰਬਾਈਨਾਂ ਰਾਹੀਂ ਕਰੀਬ 46827 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ 10150 ਕਿਊਸਿਕ ਜਦਕਿ ਸਤਲੁਜ ਦਰਿਆ ਵਿਚ 27200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਲੱਡ ਗੇਟ ਵੀ ਅੱਧਾ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ।
ਪੌਂਗ ਡੈਮ ਦੇ ਪਾਣੀ ਦਾ ਪੱਧਰ 1385 ਫੁੱਟ ਤੱਕ ਪਹੁੰਚ ਗਿਆ ਹੈ
ਇਸ ਦੇ ਨਾਲ ਹੀ ਪੌਂਗ ਡੈਮ ਦੇ ਪਾਣੀ ਦਾ ਪੱਧਰ 1385 ਫੁੱਟ ਤੱਕ ਪਹੁੰਚ ਗਿਆ ਹੈ। ਐਤਵਾਰ ਸਵੇਰੇ 10 ਵਜੇ ਡੈਮ ਵਿਚ ਪਾਣੀ ਦਾ ਪੱਧਰ 1383.50 ਫੁੱਟ ਸੀ ਅਤੇ 194878 ਕਿਊਸਿਕ ਪਾਣੀ ਆ ਰਿਹਾ ਸੀ। ਜਦੋਂ ਕਿ ਤਿੰਨ ਦਿਨ ਪਹਿਲਾਂ ਡੈਮ ਵਿਚ ਪਾਣੀ ਦਾ ਪੱਧਰ 1373.08 ਫੁੱਟ ਸੀ। ਇਸ ਤਰ੍ਹਾਂ ਤਿੰਨ ਦਿਨਾਂ ‘ਚ ਪਾਣੀ ਦਾ ਪੱਧਰ 10 ਫੁੱਟ ਵਧ ਗਿਆ ਹੈ। ਪੌਂਗ ਡੈਮ ਤੋਂ ਵੀ ਅੱਜ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਤਿੰਨ ਪੜਾਵਾਂ ਵਿੱਚ ਛੱਡਿਆ ਜਾਣਾ ਹੈ।
ਹੁਸ਼ਿਆਰਪੁਰ ‘ਚ ਅਲਰਟ ਜਾਰੀ
ਭਾਖੜਾ ਤੋਂ ਪਾਣੀ ਛੱਡਣ ਦੇ ਐਲਾਨ ਤੋਂ ਬਾਅਦ ਹੁਸ਼ਿਆਰਪੁਰ ਦੇ ਡੀਸੀ ਨੇ ਅਲਰਟ ਜਾਰੀ ਕੀਤਾ ਹੈ। ਸਤਲੁਜ ਦੇ ਕਿਨਾਰਿਆਂ ਅਤੇ ਨੀਵੇਂ ਇਲਾਕਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਪੌਂਗ ਡੈਮ ਤੋਂ ਸਵੇਰੇ 8 ਵਜੇ ਪਾਣੀ ਛੱਡਣ ਤੋਂ ਬਾਅਦ ਬਿਆਸ ਦੇ ਕੰਢਿਆਂ ਅਤੇ ਨੀਵੇਂ ਇਲਾਕਿਆਂ ਨੂੰ ਵੀ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ।