ਪੰਜਾਬਫੀਚਰਜ਼

ਬਰਨਾਲਾ ’ਚ ਮਾਂ ਧੀ ਦਾ ਬੇਰਹਿਮੀ ਨਾਲ ਕਤਲ. ਜਵਾਈ ਜ਼ਖਮੀ

ਘਰ ’ਚ ਖੜਕਾ ਸੁਣ ਕੇ ਪਰਮਜੀਤ ਕੌਰ ਉਰਫ਼ ਮਾਣੋ ਉਮਰ ਲਗਭਗ 35 ਅਤੇ ਉਸਦੀ ਮਾਂ ਹਰਬੰਸ ਕੌਰ ਉਮਰ ਲਗਭਗ 70 ਸਾਲ ਨੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਮਾਵਾਂ ਧੀਆਂ ’ਤੇ ਹਮਲਾ ਕਰ ਦਿੱਤਾ। ਜਦੋਂ ਪਰਮਜੀਤ ਕੌਰ ਦਾ ਪਤੀ ਰਾਜਦੀਪ ਉਰਫ਼ ਰਾਜਵੀਰ ਸਿੰਘ ਬਚਾਅ ਲਈ ਅੱਗੇ ਆਇਆ ਤਾਂ ਲੁਟੇਰਿਆਂ ਨੇ ਉਸ ’ਤੇ ਵੀ ਵਾਰ ਕੀਤੇ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।

ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਨਹੀਂ ਪਿਗਲਿਆ ਲੁਟੇਰਿਆਂ ਦਾ ਮਨ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਜਵਾਈ ਰਾਜਦੀਪ ਸਿੰਘ ਨੇ ਕਿਹਾ ਕਿ 7-8 ਅਣਪਛਾਤੇ ਵਿਅਕਤੀ ਘਰ ’ਚ ਦਾਖਲ ਹੋ ਗਏ ਤਾਂ ਉਨ੍ਹਾਂ ਨੇ ਮੇਰੀ ਸੱਸ ਹਰਬੰਸ ਕੌਰ ’ਤੇ ਹਮਲਾ ਕੀਤਾ ਤਾਂ ਮੇਰੀ ਪਤਨੀ ਪਰਮਜੀਤ ਕੌਰ ਉਸਦੇ ਬਚਾਅ ਲਈ ਅੱਗੇ ਆਈ ਤਾਂ ਲੁਟੇਰਿਆਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਜਦੋਂ ਮੈਂ ਬਚਾਅ ਲਈ ਅੱਗੇ ਆਇਆ ਤਾਂ ਮੇਰੇ ਉਪਰ ਵੀ ਉਨ੍ਹਾਂ ਨੇ ਹਮਲਾ ਕਰ ਦਿੱਤਾ।

ਅਸੀਂ ਉਨ੍ਹਾਂ ਦੀਆਂ ਬੜੀਆਂ ਮਿੰਨਤਾਂ ਤਰਲੇ ਕੀਤੇ ਪਰ ਸਾਡੀ ਇੱਕ ਨਹੀਂ ਸੁਣੀ ਅਤੇ ਸਾਨੂੰ ਗਹਿਣਿਆਂ ਸਬੰਧੀ ਪੁੱਛਗਿੱਛ ਕਰਨ ਲੱਗ ਗਏ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਕਿਹਾ ਕਿ ਇਸ ਹਮਲੇ ’ਚ ਪਰਮਜੀਤ ਕੌਰ ਅਤੇ ਉਸਦੀ ਮਾਂ ਹਰਬੰਸ ਕੌਰ ਦੀ ਮੌਤ ਹੋ ਗਈ। ਪੁਲਸ ਨੇੜੇ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ। ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਬੂਤ ਮਿਟਾਉਣ ਲਈ CCTV ਕੈਮਰਿਆਂ ਦੀ ਡੀ. ਵੀ. ਆਰ. ਵੀ ਲੈ ਗਏ ਕਾਤਲ
ਕਾਤਲ ਐਨੇ ਸ਼ਾਤਰ ਸਨ ਕਿ ਉਹ ਸਬੂਤ ਮਿਟਾਉਣ ਲਈ ਘਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਲੈ ਗਏ। ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ’ਚ ਇਹ ਬਰਨਾਲਾ ਵਿਧਾਨ ਸਭਾ ਹਲਕੇ ’ਚ ਇਹ ਤੀਜੀ ਔਰਤ ਦਾ ਕਤਲ ਹੈ। ਲਗਭਗ 15 ਦਿਨ ਪਹਿਲਾਂ ਸੇਖਾ ਰੋਡ ’ਤੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਮੰਜੂ ਬਾਲਾ ਦਾ ਵੀ ਕਤਲ ਕਰ ਦਿੱਤਾ ਸੀ।

ਜਦੋਂ ਇਸ ਸਬੰਧ ’ਚ ਡੀ. ਐੱਸ. ਪੀ. ਸਤਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਲੁਟੇਰੇ ਅਤੇ ਕਾਤਲ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-