ਪੰਜਾਬ

ਮਾਰੂ ਹਥਿਆਰ ਦਿਖਾ ਕੇ ਔਰਤ ਤੋਂ ਸ਼ਰੇਆਮ ਲੁੱਟੇ ਡੇਢ ਲੱਖ ਦੇ ਗਹਿਣੇ

ਗੁਰਦਾਸਪੁਰ : ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਹਾਈ ਅਲਰਟ ਹੋਣ ਦੇ ਬਾਵਜੂਦ ਲੁਟੇਰਿਆਂ ਦੀ ਹੌਂਸਲੇ ਇੰਨੇ ਬੁਲੰਦ ਹਨ ਕਿ ਬੀਤੇ ਦਿਨੀਂ ਗੁਰਦਾਸਪੁਰ ਤੋਂ ਆਪਣੀ ਸਕੂਟਰੀ ’ਤੇ ਆਪਣੀ ਭੈਣ ਦੇ ਨਾਲ ਆਪਣੇ ਪਿੰਡ ਸੁਲਤਾਨਪੁਰ ਜਾ ਰਹੀ ਔਰਤ ਤੋਂ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਮਾਰੂ ਹਥਿਆਰ ਦਿਖਾ ਕੇ ਡੇਢ ਲੱਖ ਕੀਮਤ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ। ਇਸ ਸਬੰਧੀ ਕਾਹਨੂੰਵਾਨ ਪੁਲਸ ਨੇ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਧਾਰਾ 379 ਬੀ, 341, 34 ਦੇ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਸੁਲਤਾਨਪੁਰ ਨੇ ਦੱਸਿਆ ਕਿ 14-8-23 ਨੂੰ ਉਹ ਆਪਣੀ ਭੈਣ ਸਤਵਿੰਦਰ ਕੌਰ ਨਾਲ ਆਪਣੀ ਸਕੂਟਰੀ ਨੰਬਰ ਪੀ. ਬੀ. 06 ਏ.ਐੱਲ 1851 ’ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਨਿੱਜੀ ਕੰਮ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਹੀਆਂ ਸੀ। ਜਦ ਉਹ ਆਪਣੇ ਪਿੰਡ ਸੁਲਤਾਨਪੁਰ ਨੂੰ ਜੀ.ਟੀ.ਰੋਡ ਤੋਂ ਮੁੜੀਆ ਤਾਂ ਪਿੱਛੇ ਤੋਂ ਇਕ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆਏ, ਜਿੰਨਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ।

ਸੰਦੀਪ ਕੌਰ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਉਨ੍ਹਾਂ ਦੀ ਸਕੂਟਰੀ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਮਾਰੂ ਹਥਿਆਰ ਵਿਖਾ ਕੇ ਉਸ ਦੇ ਹੱਥ ’ਚ ਪਾਈਆਂ ਸੋਨੇ ਦੀਆਂ ਚੂੜੀਆਂ, ਗਲੇ ’ਚ ਪਾਈ ਸੋਨੇ ਦੀ ਚੈਨੀ ਅਤੇ ਕੰਨਾਂ ’ਚ ਪਾਏ ਟਾਪਸ ਖੋਹ ਕੇ ਲੈ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੁਲ ਕੀਮਤ 1,50,000 ਰੁਪਏ ਬਣਦੀ ਹੈ। ਦੂਜੇ ਪਾਸੇ ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-