ਦੇਸ਼-ਵਿਦੇਸ਼

ਪੰਜਾਬ ਦੀ ਕੁੜੀ ਦੀ ਕੈਨੇਡਾ ਵਿੱਚ ਹਾਦਸੇ ’ਚ ਮੌਤ

ਭਗਤਾ ਭਾਈ: ਪੰਜਾਬ ਦੀ ਇਕ ਹੋਰ ਮੁਟਿਆਰ ਦੀ ਕੈਨੇਡਾ ‘ਚ ਦੁਖਦਾਇਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਗਤਾ ਭਾਈ ਕਾ ਦੇ ਨੇੜਲੇ ਪਿੰਡ ਜਲਾਲ ਦੀ ਜੰਮਪਲ ਜਸਮੀਨ ਕੌਰ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਭਿਆਨਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਜਿਸ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ‘ਚ ਚੀਕ ਚਿਹਾੜਾ ਮਚ ਗਿਆ। ਦੱਸਣਯੋਗ ਹੈ ਕਿ ਪਿੰਡ ਭਗਤਾ ਭਾਈ ਦੇ ਨੇੜਲੇ ਪਿੰਡ ਜਲਾਲ ਦੀ ਜੰਮਪਲ ਜਸਮੀਨ ਕੌਰ ਗੋਂਦਾਰਾ ਦਾ ਵਿਆਹ 5 ਅਗਸਤ 2022 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਵਾਂਦਰ ਵਿਖੇ ਸਤਵਿੰਦਰ ਸਿੰਘ ਵਾਂਦਰ ਨਾਲ ਹੋਇਆ ਸੀ।

ਜਸਮੀਨ ਕੌਰ ਗੋਂਦਾਰਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਆਪਣੀ ਪੜ੍ਹਾਈ ਕਰਨ ਲਈ ਸਟੂਡੈਂਟ ਵੀਜ਼ਾ ਲੈ ਕੇ 26 ਅਗਸਤ 2022 ਨੂੰ ਚਲੀ ਗਈ ਸੀ। ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਜਸਮੀਨ ਕੌਰ ਦਾ ਆਪਣੇ ਕੰਮ ’ਤੇ ਆਉਣ ਜਾਣ ਆਮ ਵਾਂਗ ਸੀ ਪਰ ਮੌਤ ਰੂਪੀ ਦੈਂਤ ਨੇ ਬੀਤੇ ਕੱਲ੍ਹ ਜਸਮੀਨ ਨੂੰ ਇੱਕ ਹਾਦਸੇ ਦੌਰਾਨ ਆਪਣੀ ਚੰਦਰੀ ਬੁੱਕਲ ’ਚ ਲੈ ਲਿਆ।

ਜਸਮੀਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਜਸਮੀਨ ਦੇ ਪੇਕੇ ਪਿੰਡ ਜਲਾਲ ਅਤੇ ਸਹੁਰੇ ਪਿੰਡ ਵਾਂਦਰ ਜ਼ਿਲ੍ਹਾ ਮੋਗਾ ’ਚ ਸੋਗ ਦੀ ਲਹਿਰ ਪਸਰ ਗਈ। ਤਾਜ਼ਾ ਜਾਣਕਾਰੀ ਮੁਤਾਬਕ ਜਸਮੀਨ ਦੀ ਮ੍ਰਿਤਕ ਦੇਹ ਕੈਨੇਡਾ ਵਿਖੇ ਹੀ ਪੋਸਟਮਾਰਟਮ ਲਈ ਰੱਖੀ ਹੋਈ ਹੈ।

ਉਧਰ ਜਸਮੀਨ ਦੇ ਸਹੁਰਿਆਂ ਦੇ ਅਜੇ ਚਾਅ ਵੀ ਪੂਰੇ ਨਹੀਂ ਸਨ ਹੋਏ ਅਤੇ ਜਸਮੀਨ ਦੇ ਚੂੜੇ ਦਾ ਰੰਗ ਵੀ ਅਜੇ ਫਿੱਕਾ ਨਹੀਂ ਸੀ ਪਿਆ ਕਿ ਇਸ ਘਟਨਾ ਨੇ ਸਭ ਨੂੰ ਦੁੱਖ ’ਚ ਪਾ ਦਿੱਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-