ਹਵਾਈ ‘ਚ ਜੰਗਲਾਂ ਦੀ ਅੱਗ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 99, ਤਲਾਸ਼ੀ ਮੁਹਿੰਮ ਅਜੇ ਵੀ ਜਾਰੀ
ਲਹੈਨਾ/ਹਵਾਈ: ਅਮਰੀਕਾ ਦੇ ਹਵਾਈ ਸੂਬੇ ਦੇ ਮਾਉਈ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 99 ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਜੰਗਲ ਦੀ ਅੱਗ ਕਾਰਨ ਮਨੁੱਖਾਂ ਅਤੇ ਵਾਤਾਵਰਨ ਨੂੰ ਹੋਏ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਕਰਤਾ, ਡੌਗ ਸਕੁਆਇਡ ਨਾਲ, ਮ੍ਰਿਤਕਾਂ ਦਾ ਪਤਾ ਲਗਾਉਣ ਲਈ ਰਾਖ ਵਿਚ ਤਬਦੀਲ ਹੋ ਚੁੱਕੇ ਖੇਤਰਾਂ ਅਤੇ ਸੜੀਆਂ ਹੋਈਆਂ ਕਾਰਾਂ ਅਤੇ ਘਰਾਂ ਦੀ ਤਲਾਸ਼ੀ ਲੈ ਰਹੇ ਹਨ ਤਾਂ ਮ੍ਰਿਤਕਾਂ ਦਾ ਪਤਾ ਲਗਾਇਆ ਜਾ ਸਕੇ। ਹਾਲਾਂਕਿ ਅੱਗ ਦੀ ਤੀਬਰਤਾ ਘੱਟ ਗਈ ਹੈ ਪਰ ਅਧਿਕਾਰੀਆਂ ਨੇ ਅੱਗ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਪੀਣ ਵਾਲੇ ਪਾਣੀ ਸਮੇਤ ਕਈ ਪਦਾਰਥਾਂ ਦੇ ਜ਼ਹਿਰੀਲੇ ਹੋਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਕੋਲ ਹੁਣ ਰਹਿਣ ਲਈ ਘਰ ਨਹੀਂ ਬਚੇ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਲਈ ਹੋਟਲਾਂ ਅਤੇ ਹੋਰ ਥਾਵਾਂ ‘ਤੇ ਰਹਿਣ ਲਈ ਪ੍ਰਬੰਧ ਕਰ ਰਿਹਾ ਹੈ।
ਸਦੀਆਂ ਪੁਰਾਣੇ ਸ਼ਹਿਰ ਲਹੈਨਾ ‘ਚ ਬੀਤੇ ਹਫ਼ਤੇ ਮੰਗਲਵਾਰ ਨੂੰ ਅੱਗ ਲੱਗੀ ਸੀ ਅਤੇ ਸ਼ਹਿਰ ਦੀ ਲਗਭਗ ਹਰ ਇਮਾਰਤ ਤਬਾਹ ਹੋ ਗਈ ਹੈ। ਕਾਉਂਟੀ ਦੇ ਅਨੁਸਾਰ, ਅੱਗ 85 ਫ਼ੀਸਦੀ ਤੱਕ ਕਾਬੂ ਪਾ ਲਿਆ ਗਿਆ ਹੈ। ਸੂਬਾਈ ਗਵਰਨਰ ਗ੍ਰੀਨ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੇਘਰ ਹੋਏ ਸਥਾਨਕ ਲੋਕਾਂ ਲਈ ਹੋਟਲ ਦੇ 500 ਕਮਰੇ ਉਪਲਬਧ ਕਰਵਾਏ ਗਏ ਹਨ। ਇਸ ਤੋਂ ਇਲਾਵਾ, ਫੈਡਰਲ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਕਰਮਚਾਰੀਆਂ ਲਈ 500 ਵਾਧੂ ਕਮਰੇ ਅਲਾਟ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਲਾਪਤਾ ਲੋਕਾਂ ਦੀ ਗਿਣਤੀ 2,000 ਤੋਂ ਘੱਟ ਕੇ ਲਗਭਗ 1,300 ਹੋ ਗਈ ਹੈ।