ਟਾਪ ਨਿਊਜ਼ਭਾਰਤ

45 ਦਿਨਾਂ ਵਿਚ ਤਿਆਰ ਹੋਇਆ ਦੇਸ਼ ਦਾ ਪਹਿਲਾ 3D ਪ੍ਰਿੰਟਿੰਗ ਤਕਨੀਕ ਵਾਲਾ ਡਾਕ ਘਰ

ਬੰਗਲੁਰੂ: ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁਕਰਵਾਰ ਨੂੰ ਬੰਗਲੁਰੂ ਵਿਚ 3ਡੀ ਪ੍ਰਿੰਟਿੰਗ ਤਕਨੀਕ ਨਾਲ ਤਿਆਰ ਭਾਰਤ ਦੇ ਪਹਿਲੇ ਡਾਕ ਘਰ ਦਾ ਉਦਘਾਟਨ ਕੀਤਾ। ਡਾਕ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਹਿਰ ਦੇ ਕੈਂਬਰਿਜ ਲੇਆਉਟ ਵਿਚ 1,021 ਵਰਗ ਫੁੱਟ ਦੇ ਖੇਤਰ ਵਿਚ ਬਣਿਆ ਡਾਕ ਘਰ ਇਸ ਦੇ ਉਦਘਾਟਨ ਤੋਂ ਬਾਅਦ ਚਾਲੂ ਹੋ ਜਾਵੇਗਾ।

ਡਾਕ ਅਧਿਕਾਰੀਆਂ ਮੁਤਾਬਕ ਇਸ ਡਾਕ ਘਰ ਦਾ ਨਿਰਮਾਣ ਲਾਰਸਨ ਐਂਡ ਟੂਬਰੋ ਲਿਮਟਿਡ ਨੇ ਕੀਤਾ ਹੈ ਜਦਕਿ ਆਈ.ਆਈ.ਟੀ. ਮਦਰਾਸ ਨੇ ਇਸ ਲਈ ਤਕਨੀਕੀ ਮਾਰਗਦਰਸ਼ਨ ਮੁਹੱਈਆ ਕਰਵਾਈ ਹੈ। ਉਦਘਾਟਨ ਤੋਂ ਬਾਅਦ ਵੈਸ਼ਨਵ ਨੇ ਕਿਹਾ,”ਵਿਕਾਸ ਦੀ ਭਾਵਨਾ, ਅਪਣੀ ਖੁਦ ਦੀ ਤਕਨਾਲੋਜੀ ਨੂੰ ਵਿਕਸਤ ਕਰਨ ਦੀ ਭਾਵਨਾ, ਕੁੱਝ ਅਜਿਹਾ ਕਰਨ ਦੀ ਭਾਵਨਾ ਜਿਸ ਨੂੰ ਪਹਿਲੇ ਸਮਿਆਂ ਵਿਚ ਅਸੰਭਵ ਮੰਨਿਆ ਜਾਂਦਾ ਸੀ – ਇਹ ਇਸ ਸਮੇਂ ਦੀ ਪਰਿਭਾਸ਼ਿਤ ਵਿਸ਼ੇਸ਼ਤਾ ਹੈ।”

ਡਾਕਖਾਨੇ ਦੀ ਸਾਰੀ ਉਸਾਰੀ ਦਾ ਕੰਮ 45 ਦਿਨਾਂ ਵਿਚ ਮੁਕੰਮਲ ਕਰ ਲਿਆ ਗਿਆ। ਇਸ ਨੂੰ ਰਵਾਇਤੀ ਤਰੀਕੇ ਨਾਲ ਬਣਾਉਣ ਵਿਚ ਲਗਭਗ ਛੇ ਤੋਂ ਅੱਠ ਮਹੀਨੇ ਲੱਗ ਗਏ ਹੋਣਗੇ। ਲਾਗਤ ਅਤੇ ਸਮੇਂ ਦੀ ਬਚਤ 3ਡੀ-ਕੰਕਰੀਟ ਪ੍ਰਿੰਟਿੰਗ ਤਕਨਾਲੋਜੀ ਨੂੰ ਰਵਾਇਤੀ ਇਮਾਰਤ ਨਿਰਮਾਣ ਪ੍ਰਣਾਲੀਆਂ ਦਾ ਇਕ ਵਿਹਾਰਕ ਵਿਕਲਪ ਬਣਾਉਂਦੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-