ਦੇਸ਼-ਵਿਦੇਸ਼

ਬ੍ਰਿਟੇਨ: ਭਾਰਤ ਦੇ ਸੱਤਾ ਪਰਿਵਰਤਨ ਦਿਵਸ ਸਬੰਧੀ ਸਮਾਗਮ ਦੌਰਾਨ ਦੋ ਲੋਕਾਂ ’ਤੇ ਚਾਕੂ ਨਾਲ ਹਮਲਾ, ਨੌਜਵਾਨ ਕਾਬੂ

ਲੰਡਨ: ਬਰਤਾਨੀਆ ਦੇ ਪੱਛਮੀ ਲੰਡਨ ਵਿਚ ਇਕ ਪੰਜਾਬੀ ਨੌਜਵਾਨ ’ਤੇ  ਇਕ ਸਮਾਗਮ ਦੌਰਾਨ ਦੋ ਵਿਅਕਤੀਆਂ ਨੂੰ ਚਾਕੂ ਮਾਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਮੈਟਰੋਪੋਲੀਟਨ ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ (25) ਨੂੰ ਇਥੇ ਐਕਸਬ੍ਰਿਜ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਵਿਰੁਧ ਗੰਭੀਰ ਇਲਜ਼ਾਮ ਲਾਏ ਗਏ।

ਪੁਲਿਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਸਮੇਤ ਕੁੱਲ ਸੱਤ ਇਲਜ਼ਾਮ ਲਗਾਏ ਗਏ ਹਨ। ਮੁਲਜ਼ਮ ਨੂੰ ਰਿਮਾਂਡ ‘ਤੇ ਭੇਜ ਦਿਤਾ ਗਿਆ ਹੈ ਅਤੇ 14 ਸਤੰਬਰ ਨੂੰ ਇਥੇ ਆਇਲਵਰਥ ਕਰਾਊਨ ਕੋਰਟ ‘ਚ ਪੇਸ਼ ਹੋਣ ਦਾ ਹੁਕਮ ਦਿਤਾ ਗਿਆ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਸਾਊਥਾਲ ‘ਚ ਭਾਰਤ ਦੇ ਸੁਤੰਤਰਤਾ ਦਿਵਸ ‘ਤੇ ਇਕ ਭਾਈਚਾਰਕ ਸਮਾਗਮ ਦੌਰਾਨ ਵਾਪਰੀ। ਇਸ ਘਟਨਾ ਦੀ ਇਕ ਵੀਡੀਉ ਵੀ ਸੋਸ਼ਲ ਮੀਡੀਆ ‘ਤੇ ਜਨਤਕ ਹੋਈ ਹੈ, ਜਿਸ ‘ਚ ਕੁੱਝ ਗਰਮਖਿਆਲੀ ਸਮਰਥਕ ਲੜਦੇ ਨਜ਼ਰ ਆ ਰਹੇ ਹਨ ਅਤੇ ਪੁਲਿਸ ਅਧਿਕਾਰੀ ਸ਼ੱਕੀਆਂ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ।

ਮੈਟਰੋਪੋਲੀਟਨ ਪੁਲਿਸ ਸੁਪਰਡੈਂਟ ਸੀਨ ਲਿੰਚ ਨੇ ਕਿਹਾ, “ਮੈਂ ਇਸ ਘਟਨਾ ਨਾਲ ਸਾਊਥਾਲ ਅਤੇ ਲੰਡਨ ਦੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ। ਇਸ ਘਟਨਾ ਤੋਂ ਇਲਾਵਾ ਬਾਕੀ ਪ੍ਰੋਗਰਾਮ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਹੈ।” ਉਨ੍ਹਾਂ ਕਿਹਾ, ”ਸਾਡੀ ਜਾਂਚ ਜਾਰੀ ਹੈ। ਅਸੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਫੁਟੇਜ ਤੋਂ ਜਾਣੂ ਹਾਂ। ਲੋਕ ਇਸ ‘ਤੇ ਅਪਣੇ ਤਰੀਕੇ ਨਾਲ ਟਿੱਪਣੀ ਕਰ ਰਹੇ ਹਨ। ਅਸੀਂ ਲੋਕਾਂ ਨੂੰ ਅਟਕਲਾਂ ਤੋਂ ਬਚਣ ਦੀ ਅਪੀਲ ਕਰਦੇ ਹਾਂ। ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ”।

ਅਧਿਕਾਰੀਆਂ ਨੇ ਦਸਿਆ ਕਿ ਮੌਕੇ ਤੋਂ ਇਕ ਹੋਰ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਨੂੰ ਹੋਰ ਪੁਛਗਿਛ ਲਈ ਜ਼ਮਾਨਤ ‘ਤੇ ਰਿਹਾਅ ਕਰ ਦਿਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਘਟਨਾ ਵਿਚ ਇਕ ਮਹਿਲਾ ਅਧਿਕਾਰੀ ਦੇ ਹੱਥ ਵਿਚ ਮਾਮੂਲੀ ਸੱਟ ਲੱਗੀ ਹੈ ਪਰ ਉਸ ਨੂੰ ਹਸਪਤਾਲ ਵਿਚ ਇਲਾਜ ਦੀ ਲੋੜ ਨਹੀਂ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-