ਮੋਟੀ ਤਨਖ਼ਾਹ ਅਤੇ ਕੰਪਨੀ ਵਲੋਂ ਮੁਫ਼ਤ ਰਿਹਾਇਸ਼ ਵਾਲਿਆਂ ਲਈ ਟੈਕਸ ’ਚ ਕਟੌਤੀ
ਨਵੀਂ ਦਿੱਲੀ: ਆਮਦਨ ਟੈਕਸ ਵਿਭਾਗ ਨੇ ਕੰਪਨੀ ਵਲੋਂ ਮੁਲਾਜ਼ਮਾਂ ਨੂੰ ਦਿਤੀ ਗਈ ਕਿਰਾਇਆ ਰਹਿਤ ਰਿਹਾਇਸ਼ ਦਾ ਮੁਲਾਂਕਣ ਕਰਨ ਲਈ ਨਿਯਮ ਬਦਲ ਦਿਤੇ ਹਨ। ਇਸ ਨਾਲ ਟੈਕਸਯੋਗ ਤਨਖ਼ਾਹ ਪਾਉਣ ਵਾਲੇ ਅਤੇ ਨਿਯੁਕਤੀਕਰਤਾ ਕੰਪਨੀ ਵਲੋਂ ਮਿਲਣ ਵਾਲੀ ਕਿਰਾਇਆ-ਰਹਿਤ ਰਿਹਾਇਸ਼ ’ਚ ਰਹਿਣ ਵਾਲੇ ਮੁਲਾਜ਼ਮ ਹੁਣ ਜ਼ਿਆਦਾ ਬਚਤ ਕਰ ਸਕਣਗੇ ਅਤੇ ਤਨਖ਼ਾਹ ਦੇ ਤੌਰ ’ਤੇ ਜ਼ਿਆਦਾ ਨਕਦੀ ਲੈ ਸਕਣਗੇ।
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਆਮਦਨ ਟੈਕਸ ’ਚ ਸੋਧ ਕੀਤੀ ਹੈ। ਇਹ ਨਿਯਮ 1 ਸਤੰਬਰ ਤੋਂ ਲਾਗੂ ਹੋਣਗੇ।
ਏ.ਕੇ.ਐੱਮ. ਗਲੋਬਲ ਪਾਰਟਨਰ ਅਮਿਤ ਮਹੇਸ਼ਵਰੀ ਨੇ ਕਿਹਾ ਕਿ ਜੋ ਮੁਲਾਜ਼ਮ ਟੈਕਸਯੋਗ ਤਨਖ਼ਾਹ ਲੈ ਰਹੇ ਹਨ ਅਤੇ ਨਿਯੁਕਤੀਕਰਤਾ ਤੋਂ ਮੁਫ਼ਤ ਰਿਹਾਇਸ਼ ਪ੍ਰਾਪਤ ਹਨ ਉਹ ਵੱਧ ਬਚਤ ਕਰ ਸਕਣਗੇ ਕਿਉਂਕਿ ਸੋਧੀਆਂ ਦਰਾਂ ਨਾਲ ਉਨ੍ਹਾਂ ਦਾ ਟੈਕਸ ਯੋਗ ਆਧਾਰ ਹੁਣ ਘੱਟ ਹੋਣ ਜਾ ਰਿਹਾ ਹੈ।
ਏ.ਐਮ.ਆਰ.ਜੀ. ਐਂਡ ਐਸੋਸੀਏਟਸ ਦੇ ਸੀ.ਈ.ਓ. ਗੌਰਵ ਮੋਹਨ ਨੇ ਕਿਹਾ ਹੈ ਕਿ ਇਨ੍ਹਾਂ ਤਜਵੀਜ਼ਾਂ ’ਚ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਲਾਭ ਮੁੱਲ ਗਣਨਾ ਨੂੰ ਤਰਕਸੰਗਤ ਬਣਾਉਣਾ ਹੈ।
ਮੋਹਨ ਨੇ ਕਿਹਾ, ‘‘ਕਿਰਾਇਆ-ਮੁਕਤ ਰਿਹਾਇਸ਼ ਦਾ ਲਾਭ ਲੈਣ ਵਾਲੇ ਮੁਲਾਜ਼ਮਾਂ ਦੀ ਟੈਕਸ ਯੋਗ ਤਨਖ਼ਾਹ ’ਚ ਕਮੀ ਆਵੇਗੀ, ਜਿਸ ਨਾਲ ਘਰ ਲੈ ਕੇ ਜਾਣ ਵਾਲੀ ਸ਼ੁੱਧ ਤਨਖ਼ਾਹ ’ਚ ਵਾਧਾ ਹੋਵੇਗਾ।’’