ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸਿਆਸਤ ਜਾਂ ਸੰਗੀਤ ਜਗਤ ਨਾਲ ਜੁੜੇ ਬੰਦਿਆਂ ਦਾ ਹੱਥ: ਬਲਕੌਰ ਸਿੰਘ
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਰੀ ਸਾਜ਼ਸ਼ ਉੱਤਰ ਪ੍ਰਦੇਸ਼ ਵਿਚ ਰਚੀ ਗਈ ਸੀ। ਇਸ ਦੌਰਾਨ ਮੁਲਜ਼ਮਾਂ ਦੀਆਂ ਯੂ. ਪੀ. ਦੇ ਅਯੁੱਧਿਆ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਥੇ ਉਨ੍ਹਾਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਦੀ ਟਰੇਨਿੰਗ ਦਿਤੀ ਗਈ ਸੀ। ਇਸ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, “ਸਾਡਾ ਪ੍ਰਵਾਰ ਦੋ ਖੇਤਰਾਂ ਨਾਲ ਜੁੜਿਆ ਹੈ; ਇਕ ਸਿਆਸਤ ਅਤੇ ਦੂਜਾ ਗਾਇਕੀ। ਦੋਹਾਂ ਖੇਤਰਾਂ ਵਿਚੋਂ ਕਿਸੇ ਨੇ ਤਾਂ ਸਾਜ਼ਸ਼ ਰਚੀ ਹੋਵੇਗੀ ਪਰ ਸਰਕਾਰ ਗੈਂਗਵਾਰ ਤੋਂ ਪਾਸੇ ਨਹੀਂ ਜਾਣਾ ਚਾਹੁੰਦੀ। ਜੇਕਰ ਗੰਭੀਰਤਾ ਨਾਲ ਜਾਂਚ ਹੋਵੇ ਤਾਂ ਸੱਭ ਸਾਹਮਣੇ ਆ ਜਾਵੇਗਾ”।
ਅਯੁੱਧਿਆ ਤੋਂ ਸਾਹਮਣੇ ਆਈਆਂ ਸ਼ੂਟਰਾਂ ਦੀਆਂ ਤਸਵੀਰਾਂ ਬਾਰੇ ਬਲਕੌਰ ਸਿੰਘ ਨੇ ਕਿਹਾ, “ਬਦਮਾਸ਼ ਦਾ ਕੋਈ ਧਰਮ ਨਹੀਂ ਹੁੰਦਾ ਪਰ ਲਾਰੈਂਸ ਅਤੇ ਉਸ ਦੇ ਸਾਥੀਆਂ ਨੇ ਅਪਣੇ-ਆਪ ਨੂੰ ਧਾਰਮਕ ਦਿਖਾਉਣ ਦਾ ਪੂਰਾ ਡਰਾਮਾ ਕੀਤਾ। ਅਯੁੱਧਿਆ ਤੋਂ ਸਾਹਮਣੇ ਆਈਆਂ ਤਸਵੀਰਾਂ ਦੇਖ ਕੇ ਸੱਭ ਯੋਜਨਾਬੱਧ ਲੱਗ ਰਿਹਾ ਹੈ, ਐਨ.ਆਈ.ਏ. ਜਾਂਚ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਸੱਚ ਜ਼ਰੂਰ ਸਾਹਮਣੇ ਆਵੇਗਾ”।
ਬਲਕੌਰ ਸਿੰਘ ਨੇ ਦਸਿਆ ਕਿ ਐਨ.ਆਈ.ਏ. ਦੀ ਜਾਂਚ ਨੇ ਸਪੱਸ਼ਟ ਕੀਤਾ ਕਿ ਲਾਰੈਂਸ ਬਿਸ਼ਨੋਈ ਮਹੀਨੇ ਦਾ 5 ਕਰੋੜ ਰੁਪਏ ਕਮਾ ਰਿਹਾ ਹੈ। ਉਹ ਪੈਸੇ ਦੇ ਕੇ ਨੌਜਵਾਨਾਂ ਨੂੰ ਭਰਤੀ ਕਰ ਰਿਹਾ ਹੈ ਅਤੇ ਸਾਡੇ ਸਿਸਟਮ ਨੂੰ ਖਰੀਦਣ ਦੀ ਕੋਸ਼ਿਸ਼ ਵੀ ਜ਼ਰੂਰ ਕਰੇਗਾ। ਇਸ ਬਾਰੇ ਕੋਈ ਸਿਆਸੀ ਆਗੂ ਕਿਉਂ ਨਹੀਂ ਬੋਲਦਾ? ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਸ ਮਸਲੇ ਨੂੰ ਲੈ ਕੇ ਗੰਭੀਰ ਕਿਉਂ ਨਹੀਂ?