ਦੇਸ਼-ਵਿਦੇਸ਼ਫੀਚਰਜ਼

ਪਾਕਿਸਤਾਨ ਵਿਚ ਚੱਲਦੀ ਬੱਸ ਨੂੰ ਲੱਗੀ ਅੱਗ, 20 ਦੇ ਕਰੀਬ ਲੋਕਾਂ ਦੀ ਮੌਤ

ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਸੂਬੇ ਦੇ ਪਿੰਡੀ ਭੱਟੀਆਂ ਸ਼ਹਿਰ ਵਿਚ ਐਤਵਾਰ ਸਵੇਰੇ ਇੱਕ ਚੱਲਦੀ ਬੱਸ ਨੂੰ ਅੱਗ ਲੱਗ ਗਈ। ਇਸ ਬੱਸ ਨੂੰ ਅੱਗ ਲੱਗਣ ਕਾਰਨ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 7 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਚ 40 ਤੋਂ ਵੱਧ ਲੋਕ ਸਵਾਰ ਸਨ। ਸੜਦੀ ਹੋਈ ਬੱਸ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ‘ਚ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ।

ਇਕ ਨਿਊਜ਼ ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਹੈ ਕਿ ਜਿਸ ਬੱਸ ਨੂੰ ਅੱਗ ਲੱਗੀ, ਉਹ ਰਾਜਧਾਨੀ ਇਸਲਾਮਾਬਾਦ ਤੋਂ ਕਰਾਚੀ ਜਾ ਰਹੀ ਸੀ। ਬਚਾਅ ‘ਚ ਲੱਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਪਿੰਡੀ ਭੱਟੀਆਂ ਨੇੜੇ ਪਹੁੰਚੀ। ਇੱਥੇ ਪਹੁੰਚਦਿਆਂ ਹੀ ਅਚਾਨਕ ਬੱਸ ਨੂੰ ਅੱਗ ਲੱਗ ਗਈ। ਬੱਸ ਵਿਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਦੇਖਦੇ ਹੀ ਦੇਖਦੇ ਪੂਰੀ ਬੱਸ ਸੜ ਕੇ ਸੁਆਹ ਹੋ ਗਈ।

ਪੁਲਿਸ ਵੱਲੋਂ ਹਾਦਸੇ ਦਾ ਕਾਰਨ ਵੀ ਦੱਸਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਬੱਸ ਆਪਣੀ ਰਫ਼ਤਾਰ ‘ਤੇ ਜਾ ਰਹੀ ਸੀ ਕਿ ਇਕ ਪਿਕ-ਅੱਪ ਵੈਨ ਨਾਲ ਟਕਰਾ ਗਈ। ਇਸ ਵੈਨ ਵਿਚ ਵੱਡੀ ਮਾਤਰਾ ਵਿਚ ਡੀਜ਼ਲ ਭਰਿਆ ਹੋਇਆ ਸੀ। ਇਹੀ ਕਾਰਨ ਸੀ ਕਿ ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।

ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਦੇ ਉੱਤਰੀ ਵਜ਼ੀਰਿਸਤਾਨ ਦੀ ਸ਼ਵਾਲ ਤਹਿਸੀਲ ‘ਚ ਵੀ ਵੱਡਾ ਹਾਦਸਾ ਵਾਪਰਿਆ ਸੀ। ਇੱਥੇ ਇੱਕ ਵੈਨ ਵਿਚ ਧਮਾਕਾ ਹੋਇਆ, ਜਿਸ ਕਾਰਨ 11 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਦੋ ਮਜ਼ਦੂਰ ਵੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਸ਼ਾਵਲ ਤਹਿਸੀਲ ਦੇ ਗੁਲ ਮੀਰਕੋਟ ਨੇੜੇ ਹੋਇਆ। ਫੌਜੀ ਕਾਫਲਾ ਇੱਥੋਂ ਲੰਘ ਰਿਹਾ ਸੀ ਤਾਂ ਆਈਈਡੀ ਧਮਾਕਾ ਹੋਇਆ, ਜਿਸ ਦੀ ਲਪੇਟ ਵਿਚ ਬੇਕਸੂਰ ਮਜ਼ਦੂਰ ਵੀ ਆ ਗਏ।

ਇਸ ਖ਼ਬਰ ਬਾਰੇ ਕੁਮੈਂਟ ਕਰੋ-