ਫੀਚਰਜ਼ਫ਼ੁਟਕਲ

ਨਕਲੀ ਸੋਨਾ ਧੋਖਾਧੜੀ : ਅਸਮ ਪੁਲਿਸ ਨੇ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ

ਗੁਹਾਟੀ: ਅਸਮ ’ਚ ਨਕਲੀ ਸੋਨਾ ਦੀ ਖ਼ਰੀਦ-ਵੇਚ ’ਚ ਲੱਗੇ ਗਰੋਹਾਂ ਵਿਰੁਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਬੇ ਦੇ ਸੋਨਿਤਪੁਰ ਜ਼ਿਲ੍ਹੇ ’ਚ ਗ੍ਰਿਫ਼ਤਾਰ ਹਰਪ੍ਰੀਤ ਸਿੰਘ ਅਤੇ ਬਾਲਕ੍ਰਿਸ਼ਣਨ ਡੋਸਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਪੁਲਿਸ ਨੇ ਜ਼ਿਲ੍ਹੇ ਦੇ ਗੋਹਪੁਰ ਇਲਾਕੇ ’ਚ ਕਾਰਵਾਈ ਕਰਦਿਆਂ 1.55 ਕਿੱਲੋ ਦੀ ਨਕਲੀ ਸੋਨੇ ਦੀ ਬਣੀ ਕਿਸ਼ਤੀ ਨਾਲ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਦੀ ਇਹ ਸੋਨਾ ਪੰਜਾਬ ’ਚ ਲਿਆਉਣ ਦੀ ਯੋਜਨਾ ਸੀ।

ਇਕ ਸੀਨੀਅਰ ਪੁਲਿਸ ਅਫ਼ਸਰ ਨੇ ਕਿਹਾ ਕਿ ਦੋਵੇਂ ਗ੍ਰਿਫ਼ਤਾਰ ਵਿਅਕਤੀ ਪੰਜਾਬ ਤੋਂ ਆਏ ਸਨ ਅਤੇ ਨਕਲੀ ਸੋਨਾ ਖ਼ਰੀਦਣ ਲਈ ਲਖੀਮਪੁਰ ਜ਼ਿਲ੍ਹੇ ’ਚ ਗਏ। ਉਹ 1.55 ਕਿੱਲੋ ਸੋਨਾ ਖ਼ਰੀਦ ਕੇ ਗੁਹਾਟੀ ਵਲ ਜਾ ਰਹੇ ਸਨ ਜਦੋਂ ਪੁਲਿਸ ਨੇ ਸਨਿਚਰਵਾਰ ਰਾਤ ਨੂੰ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਇਸ ’ਚ ਲੁਕਾ ਕੇ ਰਖਿਆ ਨਕਲੀ ਸੋਨਾ ਜ਼ਬਤ ਕਰ ਲਿਆ। ਉਨ੍ਹਾਂ ਨੇ ਸੋਨਾ ਅਪਣੀ ਕਾਰ ਦੇ ਦਰਵਾਜ਼ੇ ’ਚ ਲੁਕਾ ਕੇ ਰਖਿਆ ਸੀ।

ਦੋਹਾਂ ਮੁਲਜ਼ਮਾਂ ਨੇ ਅਪਣਾ ਜੁਰਮ ਮੰਨਦਿਆਂ ਕਿਹਾ ਕਿ ਉਹ ਲਖਮੀਪੁਰ ’ਚ ਸਥਿਤ ਇਕ ਗਰੁੱਪ ਤੋਂ ਨਕਲੀ ਸੋਨਾ ਖ਼ਰੀਦਣ ਲਈ ਆਏ ਸਨ। ਇਕ ਪੁਲਿਸ ਅਫ਼ਸਰ ਨੇ ਕਿਹਾ, ‘‘ਅਸੀਂ ਲਖੀਮਪੁਰ ’ਚ ਨਕਲੀ ਸੋਨਾ ਵੇਚ ਰਹੇ ਗੈਂਗ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਛੇੜ ਦਿਤੀ ਹੈ। ਦੋਹਾਂ ਗ੍ਰਿਫ਼ਤਾਰ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-