ਦੇਸ਼-ਵਿਦੇਸ਼

ਰੂਸ ਦਾ ਲੂਨਾ-25 ਪੁਲਾੜ ਯਾਨ ਚੰਦਰਮਾ ‘ਤੇ ਕ੍ਰੈਸ਼, ਗਲਤ ਟ੍ਰੈਕ ‘ਤੇ ਚਲਾ ਗਿਆ ਯਾਨ

ਰੂਸ – ਰੂਸ ਦਾ ਲੂਨਾ-25 ਪੁਲਾੜ ਯਾਨ ਕਰੈਸ਼ ਹੋ ਗਿਆ ਹੈ। ਪੁਲਾੜ ਏਜੰਸੀ ਰੋਸਕੋਸਮੌਸ ਨੇ ਕਿਹਾ ਕਿ ਸ਼ਨੀਵਾਰ ਸ਼ਾਮ 05:27 ‘ਤੇ ਪੁਲਾੜ ਯਾਨ ਨਾਲ ਇਸ ਦਾ ਸੰਪਰਕ ਟੁੱਟ ਗਿਆ। ਪ੍ਰੀ-ਲੈਂਡਿੰਗ ਔਰਬਿਟ ਨੂੰ ਬਦਲਣ ਦੌਰਾਨ ਇਸ ਵਿਚ ਤਕਨੀਕੀ ਨੁਕਸ ਪੈ ਗਿਆ ਸੀ। ਲੂਨਾ ਨੇ 21 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨਾ ਸੀ।

ਰੋਸਕੋਸਮੌਸ ਨੇ ਦੱਸਿਆ ਕਿ ਲੂਨਾ-25 ਦੇ ਫਲਾਈਟ ਪ੍ਰੋਗਰਾਮ ਦੇ ਅਨੁਸਾਰ, ਪ੍ਰੀ-ਲੈਂਡਿੰਗ ਔਰਬਿਟ (18 ਕਿਲੋਮੀਟਰ x 100 ਕਿਲੋਮੀਟਰ) ਵਿਚ ਦਾਖਲ ਹੋਣ ਦੀ ਕਮਾਂਡ ਦਿੱਤੀ ਗਈ ਸੀ। ਇਹ ਹੁਕਮ ਸ਼ਨੀਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਦਿੱਤਾ ਗਿਆ। ਇਸ ਦੌਰਾਨ, ਲੂਨਾ ‘ਤੇ ਐਮਰਜੈਂਸੀ ਸਥਿਤੀ ਪੈਦਾ ਹੋ ਗਈ ਕਿਉਂਕਿ ਪੁਲਾੜ ਯਾਨ ਨਿਰਧਾਰਤ ਮਾਪਦੰਡਾਂ ਅਨੁਸਾਰ ਥਰਸਟਰ ਨੂੰ ਫਾਇਰ ਨਹੀਂ ਕਰ ਸਕਦਾ ਸੀ।

ਪੁਲਾੜ ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਵਿਸ਼ਲੇਸ਼ਣ ਦੇ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਪੁਲਾੜ ਯਾਨ ਉਹਨਾਂ ਮਾਪਦੰਡਾਂ ਤੋਂ ਭਟਕ ਗਿਆ ਜੋ ਗਣਨਾਵਾਂ ਦੇ ਅਨੁਸਾਰ ਤੈਅ ਕੀਤੇ ਗਏ ਸਨ। ਇਸ ਕਾਰਨ ਪੁਲਾੜ ਯਾਨ ਇੱਕ ਆਫ-ਡਿਜ਼ਾਈਨ ਆਰਬਿਟ ਵਿਚ ਚਲਾ ਗਿਆ ਅਤੇ ਚੰਦਰਮਾ ‘ਤੇ ਕਰੈਸ਼ ਹੋ ਗਿਆ। ਲੂਨਾ-25 ਨੂੰ 11 ਅਗਸਤ ਨੂੰ ਸੋਯੂਜ਼ 2.1ਬੀ ਰਾਕੇਟ ਰਾਹੀਂ ਵੋਸਟਨੀ ਕੋਸਮੋਡਰੋਮ ਤੋਂ ਲਾਂਚ ਕੀਤਾ ਗਿਆ ਸੀ। ਲੂਨਾ-25 ਨੂੰ ਉਸੇ ਦਿਨ ਧਰਤੀ ਦੇ ਪੰਧ ਤੋਂ ਚੰਦਰਮਾ ‘ਤੇ ਭੇਜਿਆ ਗਿਆ ਸੀ। ਪੁਲਾੜ ਯਾਨ 16 ਅਗਸਤ ਨੂੰ ਦੁਪਹਿਰ 2:27 ‘ਤੇ ਚੰਦਰਮਾ ਦੇ 100 ਕਿਲੋਮੀਟਰ ਦੇ ਪੰਧ ‘ਤੇ ਪਹੁੰਚਿਆ।

ਰੂਸ ਨੇ 47 ਸਾਲ ਬਾਅਦ ਚੰਨ ‘ਤੇ ਆਪਣਾ ਮਿਸ਼ਨ ਭੇਜਿਆ ਸੀ। ਇਸ ਤੋਂ ਪਹਿਲਾਂ 1976 ਵਿਚ ਇਸ ਨੇ ਲੂਨਾ-24 ਮਿਸ਼ਨ ਭੇਜਿਆ ਸੀ। ਲੂਨਾ-24 ਲਗਭਗ 170 ਗ੍ਰਾਮ ਚੰਦਰ ਦੀ ਧੂੜ ਨਾਲ ਸੁਰੱਖਿਅਤ ਰੂਪ ਨਾਲ ਧਰਤੀ ‘ਤੇ ਪਰਤਿਆ ਸੀ। ਹੁਣ ਤੱਕ ਹੋਏ ਸਾਰੇ ਚੰਦ ਮਿਸ਼ਨ ਚੰਦ ਦੇ ਭੂਮੱਧ ਰੇਖਾ ‘ਤੇ ਪਹੁੰਚੇ ਹਨ, ਇਹ ਪਹਿਲੀ ਵਾਰ ਸੀ ਜਦੋਂ ਕੋਈ ਮਿਸ਼ਨ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-