ਵੱਖ-ਵੱਖ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ ਖਾਉ ਇਹ ‘ਚਟਣੀਆਂ’
ਖਾਣਾ ਖਾਂਦੇ ਸਮੇਂ ਉਸ ਨਾਲ ਚਟਣੀ ਹੋਵੇ ਤਾਂ ਖਾਣੇ ਦਾ ਸਵਾਦ ਹੋਰ ਵੱਧ ਜਾਂਦਾ ਹੈ। ਖਾਣੇ ਨਾਲ ਚਟਣੀ ਖਾਣੀ ਸੱਭ ਨੂੰ ਪਸੰਦ ਹੈ ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਚਟਣੀ ਦੀ ਵਰਤੋਂ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ ਵੀ ਕੀਤੀ ਜਾਂਦੀ ਹੈ। ਚਟਣੀ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾ ਕੇ ਰਖਦੇ ਹਨ। ਅੰਬ ਦੀ ਚਟਣੀ ਤੋਂ ਲੈ ਕੇ ਪੁਦੀਨੇ ਦੀ ਚਟਣੀ ਖਾਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਖ਼ਾਸ ਪੰਜ ਚਟਣੀਆਂ ਬਾਰੇ ਦਸਾਂਗੇ ਜੋ ਬਹੁਤ ਫ਼ਾਇਦੇਮੰਦ ਹਨ।
ਆਮਲੇ ਦੀ ਚਟਣੀ: ਆਮਲਾ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਇਸ ਦੀ ਚਟਣੀ ਖਾਣ ਨਾਲ ਇਮਿਊਨ ਸਿਸਟਮ ਠੀਕ ਰਹਿੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ-ਸੀ ਅਤੇ ਹੋਰ ਪੋਸ਼ਟਿਕ ਤੱਤ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਚਟਣੀ ਵਿਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਣ ਨਾਲ ਤੁਸੀਂ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।
ਇਮਲੀ ਦੀ ਚਟਣੀ: ਇਮਲੀ ਦੀ ਤਾਸੀਰ ਗਰਮ ਹੁੰਦੀ ਹੈ, ਜੋ ਸਰੀਰ ਨੂੰ ਠੰਢਾ ਰਖਦੀ ਹੈ। ਇਸ ਦੀ ਚਟਣੀ ਖਾਣ ਨਾਲ ਤੁਹਾਨੂੰ ਗਰਮੀ ਵਿਚ ਹੋਣ ਵਾਲੀ ਐਨਰਜੀ ਅਤੇ ਹੋਰ ਸਮੱਸਿਆਵਾਂ ਨਹੀਂ ਹੁੰਦੀਆਂ। ਰੋਜ਼ਾਨਾ ਖਾਣੇ ਵਿਚ ਇਸ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ। ਉਲਟੀ, ਜੀ ਮਚਲਾਉਣਾ ਜਾਂ ਦਸਤ ਵਰਗੀਆਂ ਸਮੱਸਿਆਵਾਂ ਲਈ ਵੀ ਇਮਲੀ ਦੀ ਚਟਣੀ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਬਣਾਉਂਦੇ ਸਮੇਂ ਇਸ ਵਿਚ ਹਿੰਗ ਦੀ ਵਰਤੋਂ ਜ਼ਰੂਰ ਕਰੋ।
ਪੁਦੀਨੇ ਦੀ ਚਟਣੀ: ਪੁਦੀਨੇ ਦੀ ਚਟਣੀ ਖਾਣ ਨਾਲ ਵੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਗੁਣ ਤੁਹਾਡੇ ਢਿੱਡ ਨੂੰ ਠੀਕ ਰੱਖ ਕੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਵਿਚ ਧਨੀਆ, ਅਦਰਕ ਅਤੇ ਲੱਸਣ ਮਿਲਾ ਕੇ ਖਾਣ ਨਾਲ ਤੁਹਾਡੀਆਂ ਅੰਤੜੀਆਂ ਦੀਆਂ ਸਮੱਸਿਆ, ਬੁਖ਼ਾਰ ਅਤੇ ਦਸਤ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਵਿਚ ਇਸ ਨੂੰ ਖਾਣ ਨਾਲ ਡਿਲਵਰੀ ਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਚਟਣੀ ਨੂੰ ਗਾੜ੍ਹਾ ਬਣਾ ਕੇ ਤੁਸੀਂ ਇਸ ਨੂੰ ਕੁੱਝ ਦਿਨਾਂ ਤਕ ਰੱਖ ਵੀ ਸਕਦੇ ਹੋ।
ਕੱਚੇ ਅੰਬ ਦੀ ਚਟਣੀ: ਕੱਚੇ ਅੰਬ ਵਿਚ ਵਿਟਾਮਿਨ-ਸੀ, ਏ ਅਤੇ ਬੀ ਭਰਪੂਰ ਮਾਤਰਾ ਵਿਚ ਹੁੰਦੇ ਹਨ। ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਸ ਨਾਲ ਤੁਹਾਡੇ ਸਰੀਰ ਦੀਆਂ ਨਵੀਆਂ ਕੋਸ਼ਿਕਾਵਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨੂੰ ਖਾਣ ਨਾਲ ਤੁਹਾਡੇ ਢਿੱਡ ਅਤੇ ਪਾਚਨ ਤੰਤਰ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਜੈਫ਼ਲ ਦੀ ਚਟਣੀ: ਇਸ ਚਟਣੀ ਨੂੰ ਪੇਟ ਦਰਦ, ਦਸਤ, ਉਲਟੀ ਅਤੇ ਚੱਕਰ ਆਉਣ ਵਿਚ ਖਾਣ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਹਾਡੇ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਚਟਣੀ ਨੂੰ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਇਸ ਵਿਚ ਇਕ ਤੋਂ ਜ਼ਿਆਦਾ ਜੈਫ਼ਲ ਦੀ ਵਰਤੋਂ ਨਾ ਕਰੋ ਅਤੇ ਇਸ ਵਿਚ ਜੀਰੇ ਨੂੰ ਹਮੇਸ਼ਾ ਭੁੰਨ ਕੇ ਪਾਉ।