ਟਾਪ ਨਿਊਜ਼ਪੰਜਾਬ

ਭਗਵੰਤ ਦਾ ਦਿੱਲੀ ਮਾਡਲ: ਲੁਧਿਆਣਾ ‘ਚ ਸਰਕਾਰੀ ਸਕੂਲ ਦਾ ਡਿੱਗਿਆ ਲੈਂਟਰ, ਅਧਿਆਪਕਾ ਦੀ ਮੌਤ

ਲੁਧਿਆਣਾ: ਲੁਧਿਆਣਾ ਦੇ ਸਰਕਾਰੀ ਸਕੂਲ ਬੱਦੋਵਾਲ ‘ਚ ਲੈਂਟਰ ਡਿੱਗਣ ਕਾਰਨ 4 ਅਧਿਆਪਕ ਇਸ ਦੇ ਮਲਬੇ ਹੇਠ ਦੱਬ ਗਏ ਸਨ, ਜਿਨ੍ਹਾਂ ‘ਚੋਂ ਇਕ ਅਧਿਆਪਕਾ ਦੀ ਮੌਤ ਹੋ ਗਈ ਹੈ। ਮਲਬੇ ਹੇਠੋਂ ਕੱਢਣ ਮਗਰੋਂ ਚਾਰਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਇਕ ਅਧਿਆਪਕ ਦੀ ਹਾਲਤ ਗੰਭੀਰ ਬਣੀ ਹੋਈ ਸੀ। ਬਾਅਦ ‘ਚ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਅਧਿਆਪਕਾ ਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ। ਇਸ ਘਟਨਾ ਕਾਰਨ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ।

ਦਰਅਸਲ ਸਕੂਲ ‘ਚ ਇਮਾਰਤ ਦੀ ਦੂਜੀ ਮੰਜ਼ਿਲ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਲੈਂਟਰ ‘ਤੇ ਵਜ਼ਨ ਪੈਣ ਕਾਰਨ ਪਹਿਲਾਂ ਉੱਪਰਲੀ ਮੰਜ਼ਿਲ ਦਾ ਲੈਂਟਰ ਟੁੱਟਿਆ, ਜਿਸ ਕਾਰਨ ਉਹ ਪਹਿਲੀ ਮੰਜ਼ਿਲ ‘ਤੇ ਆ ਡਿੱਗਿਆ। ਇਸ ਨਾਲ ਪਹਿਲੀ ਮੰਜ਼ਿਲ ਦਾ ਲੈਂਟਰ ਵੀ ਵਜ਼ਨ ਕਰਕੇ ਟੁੱਟ ਗਿਆ।

ਸਟਾਫ਼ ਰੂਮ ‘ਚ ਖਾਣਾ ਖਾ ਰਹੀਆਂ ਚਾਰ ਅਧਿਆਪਕਾਵਾਂ ਇਸ ਦੀ ਲਪੇਟ ‘ਚ ਆ ਗਈਆਂ ਹਨ। ਇਨ੍ਹਾਂ ‘ਚ ਇੰਦੂ ਰਾਣੀ, ਸੁਖਜੀਤ ਕੌਰ, ਨਰਿੰਦਰਜੀਤ ਕੌਰ ਅਤੇ ਰਵਿੰਦਰ ਕੌਰ ਸ਼ਾਮਲ ਹਨ। ਇਨ੍ਹਾਂ ‘ਚੋਂ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ। ਇਸ ਬਾਰੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਕਹਿਣਾ ਹੈ ਕਿ ਸਕੂਲ ‘ਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਇਸ ‘ਚ ਅਣਗਹਿਲੀ ਦੇ ਚੱਲਦਿਆਂ ਹੀ ਇਹ ਹਾਦਸਾ ਵਾਪਰਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-