ਬਸਪਾ ਸੁਪਰੀਮੋ ਮਾਇਆਵਤੀ ਨੇ ਦਿਤੇ ‘ਐਨ.ਡੀ.ਏ.’ ਅਤੇ ‘ਇੰਡੀਆ’ ਗਠਜੋੜ ਤੋਂ ਦੂਰੀ ਬਣਾਈ ਰੱਖਣ ਦੇ ਸਪੱਸ਼ਟ ਸੰਕੇਤ
ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਐਨ.ਡੀ.ਏ.) ਅਤੇ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੂਸਿਵ ਅਲਾਇੰਸ’ (ਇੰਡੀਆ) ’ਚੋਂ ਕਿਸੇ ਦਾ ਵੀ ਸਾਥ ਨਾ ਦੇਣ ਦੇ ਸਾਫ਼ ਸੰਕੇਤ ਦਿੰਦਿਆਂ ਬੁਧਵਾਰ ਨੂੰ ਕਿਹਾ ਕਿ ਦੋਵੇਂ ਹੀ ਬਹੁਜਨ ਸਮਾਜ ਨੂੰ ਤੋੜਨ ’ਚ ਲੱਗੇ ਰਹਿੰਦੇ ਹਨ, ਇਸ ਲਈ ਉਨ੍ਹਾਂ ਤੋਂ ਦੂਰੀ ਕਾਇਮ ਰਖਣਾ ਹੀ ਬਿਹਤਰ ਹੈ।
ਮਾਇਆਵਤੀ ਨੇ ਬਸਪਾ ਦੇ ਸੀਨੀਅਰ ਅਹੁਦੇਦਾਰਾਂ ਨਾਲ ਬੈਠਕ ’ਚ ਗਠਜੋੜ ਨੂੰ ਲੈ ਕੇ ਪਾਰਟੀ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਠਜੋੜਾਂ ਨਾਲ ਬਸਪਾ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਅਤੇ ਵਿਰੋਧੀ ਗਠਜੋੜ ਅਗਲੀਆਂ ਲੋਕ ਸਭਾ ਚੋਣਾਂ ’ਚ ਜਿੱਤ ਦੇ ਦਾਅਵੇ ਕਰ ਰਿਹਾ ਹੈ ਪਰ ਸੱਤਾ ’ਚ ਆਉਣ ਤੋਂ ਬਾਅਦ ਇਨ੍ਹਾਂ ਦੋਹਾਂ ਦੇ ਜ਼ਿਆਦਾਤਰ ਵਾਅਦੇ ਖੋਖਲੇ ਹੀ ਸਾਬਤ ਹੋਏ ਹਨ।
ਮਾਇਆਵਤੀ ਨੇ ਕਿਹਾ, ‘‘ਵੈਸੇ ਵੀ ਅੰਬੇਡਕਰਵਾਦੀ ਵਿਧਾਰਧਾਰਾ ਵਾਲੀ ਬਸਪਾ ਦਾ ਮਜ਼ਦੂਰ ਗਠਜੋੜ, ਖ਼ਾਸ ਕਰ ਕੇ ਉੱਤਰ ਪ੍ਰਦੇਸ਼ ’ਚ ਕਿਸੇ ਦੂਜੀ ਪਾਰਟੀ ਨਾਲ ਕਿਸ ਤਰ੍ਹਾਂ ਸੰਭਵ ਹੈ।’’
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ ਚਾਰ ਵਾਰੀ ਸੱਤਾ ਦੇ ਸਿਖਰ ’ਤੇ ਪੁੱਜ ਚੁੱਕੀ ਬਸਪਾ ਦੇ ਇਸ ਸੂਬੇ ’ਚ ਕੁਲ 9 ਸੰਸਦ ਮੈਂਬਰ ਹਨ। ਦਲਿਤਾਂ ’ਚ ਪਹੁੰਚ ਵਾਲੀ ਪ੍ਰਮੁੱਖ ਪਾਰਟੀ ਮੰਨੀ ਜਾਣ ਵਾਲੀ ਬਸਪਾ ਨੇ ਸਾਲ 2019 ਦੀ ਲੋਕ ਸਭਾ ਚੋਣ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਲੜੀ ਸੀ। ਉਸ ਸਮੇਂ ਉਸ ਨੂੰ 10 ਸੀਟਾਂ ’ਤੇ ਸਫ਼ਲਤਾ ਮਿਲੀ ਸੀ, ਪਰ ਪਿੱਛੇ ਜਿਹੇ ਅਫ਼ਜਾਲ ਅੰਸਾਰੀ ਨੂੰ ਇਕ ਮਾਮਲੇ ’ਚ ਮਿਲੀ ਸਜ਼ਾ ਤੋਂ ਬਾਅਦ ਉਨ੍ਹਾਂ ਦੀ ਮੈਂਬਰੀ ਖ਼ਤਮ ਹੋ ਗਈ ਸੀ।
ਬਸਪਾ ਮੁਖੀ ਨੇ ਬੈਠਕ ’ਚ ਮੌਜੂਦ ਅਹੁਦੇਦਾਰਾਂ ਤੋਂ ਪਿਛਲੀ ਬੈਠਕ ’ਚ ਦਿਤੀਆਂ ਹਦਾਇਤਾਂ ’ਤੇ ਅਮਲ ਦੀ ਤਰੱਕੀ ਰੀਪੋਰਟ ਲਈ ਅਤੇ ਸਮੀਖਿਆ ਤੋਂ ਬਾਅਦ ਦਿਸੀਆਂ ਕਮੀਆਂ ਨੂੰ ਤੁਰਤ ਦੂਰ ਕਰਨ ਦੀਆਂ ਹਦਾਇਤਾਂ ਦਿੰਦਿਆਂ ਲੋਕ ਸਭਾ ਚੋਣਾਂ ਦੀ ਤਿਆਰੀ ’ਚ ਲੱਗਣ ਦਾ ਸੱਦਾ ਦਿਤਾ। ਉਨ੍ਹਾਂ ਆ ਰਹੀਆਂ ਚੋਣਾਂ ਲਈ ਪਾਰਟੀ ਉਮੀਦਵਾਰ ਦੀ ਚੋਣ ’ਚ ਖ਼ਾਸ ਚੌਕਸੀ ਵਰਤਣ ਦੀ ਵੀ ਹਦਾਇਤ ਕੀਤੀ।