ਫ਼ੁਟਕਲਭਾਰਤ

ਸਕੂਲੀ ਸਿਖਿਆ ’ਚ ਵੱਡਾ ਬਦਲਾਅ, ਹੁਣ ਸਾਲ ’ਚ ਦੋ ਵਾਰੀ ਹੋਵੇਗਾ ਬੋਰਡ ਦਾ ਇਮਤਿਹਾਨ

ਨਵੀਂ ਦਿੱਲੀ: ਸਿਖਿਆ ਮੰਤਰਾਲੇ ਨੇ ਸਕੂਲੀ ਸਿਖਿਆ ਦਾ ਨਵਾਂ ਕੌਮੀ ਪਾਠਕ੍ਰਮ ਢਾਂਚਾ (ਐਨ.ਸੀ.ਐਫ਼.) ਤਿਆਰ ਕੀਤਾ ਹੈ ਜਿਸ ਹੇਠ ਹੁਣ ਬੋਰਡ ਦੇ ਇਮਤਿਹਾਨ ਸਾਲ ’ਚ ਦੋ ਵਾਰੀ ਹੋਣਗੇ। ਵਿਦਿਆਰਥੀ-ਵਿਦਿਆਰਥਣਾਂ ਨੂੰ ਇਨ੍ਹਾਂ ਇਮਤਿਹਾਨਾਂ ’ਚ ਪ੍ਰਾਪਤ ਬਿਹਤਰੀਨ ਅੰਕ ਬਰਕਰਾਰ ਰੱਖਣ ਦਾ ਬਦਲ ਹੋਵੇਗਾ। ਇਸ ਦੇ ਨਾਲ ਹੀ ਜਮਾਤ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਦੋ ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ ਅਤੇ ਇਸ ’ਚ ਘੱਟ ਤੋਂ ਘੱਟ ਇਕ ਭਾਸ਼ਾ ਭਾਰਤੀ ਹੋਣੀ ਚਾਹੀਦੀ ਹੈ।

ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਨਵੀਂ ਸਿਖਿਆ ਨੀਤੀ (ਐਨ.ਈ.ਪੀ.) ਹੇਠ ਨਵਾਂ ਪਾਠਕ੍ਰਮ ਢਾਂਚਾ ਤਿਆਰ ਹੈ ਅਤੇ ਇਸ ਦੇ ਆਧਾਰ ’ਤੇ 2024 ਦੇ ਵਿੱਦਿਅਕ ਸੈਸ਼ਨ ਲਈ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ।

ਸਕੂਲੀ ਪੱਧਰ ’ਤੇ ਕੌਮੀ ਪਾਠਕ੍ਰਮ ਢਾਂਚੇ ਦੇ ਦਸਤਾਵੇਜ਼ ਅਨੁਸਾਰ, ਜਮਾਤ 11ਵੀਂ ਅਤੇ 12ਵੀਂ ’ਚ ਵਿਸ਼ਿਆਂ ਦੀ ਚੋਣ ਆਰਟਸ, ਸਾਇੰਸ, ਕਮਰਸ ‘ਸਟ੍ਰੀਮ’ ਤਕ ਸੀਮਤ ਨਹੀਂ ਰਹੇਗਾ ਬਲਕਿ ਵਿਦਿਆਰਥੀ-ਵਿਦਿਆਰਥਣਾਂ ਨੂੰ ਅਪਣੀ ਪਸੰਦ ਦਾ ਵਿਸ਼ਾ ਚੁਣਨ ਦੀ ਆਜ਼ਾਦੀ ਮਿਲੇਗੀ।

ਇਸ ’ਚ ਕਿਹਾ ਗਿਆ ਹੈ ਕਿ ਨਵੇਂ ਪਾਠਕ੍ਰਮ ਢਾਂਚੇ ਹੇਠ ਬੋਰਡ ਇਮਤਿਹਾਨ ਸਾਲ ’ਚ ਦੋ ਵਾਰੀ ਹੋਣਗੇ ਅਤੇ ਵਿਦਿਆਰਥੀ-ਵਿਦਿਆਰਥਣਾਂ ਨੂੰ ਬਿਹਤਰੀਨ ਅੰਕ ਬਰਕਰਾਰ ਰੱਖਣ ਦੀ ਇਜਾਜ਼ਤ ਹੋਵੇਗੀ।

ਦਸਤਾਵੇਜ਼ ਅਨੁਸਾਰ, ਵਿਦਿਆਰਥੀ ਇਸ ’ਚੋਂ ਉਸ ਇਮਤਿਹਾਨ ’ਚ ਮੌਜੂਦ ਹੋ ਸਕਦੇ ਹਨ ਜਿਸ ਲਈ ਉਹ ਖ਼ੁਦ ਨੂੰ ਤਿਆਰ ਮਹਿਸੂਸ ਕਰਨਗੇ।
ਇਸ ਅਨੁਸਾਰ, ਜਮਾਤ 11 ਅਤੇ 12 ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਦੋ ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ ਅਤੇ ਇਸ ’ਚੋਂ ਘੱਟ ਤੋਂ ਘੱਟ ਇਕ ਭਾਸ਼ਾ ਭਾਰਤੀ ਹੋਣੀ ਚਾਹੀਦੀ ਹੈ।

ਨਵੇਂ ਪਾਠਕ੍ਰਮ ਢਾਂਚੇ ਅਨੁਸਾਰ ਬੋਰਡ ਦੇ ਇਮਤਿਹਾਨ ਕਈ ਮਹੀਨਿਆਂ ਦੀ ਕੋਚਿੰਗ ਅਤੇ ਰੱਟੇ ਲਾਉਣ ਦੀ ਸਮਰਥਾ ਮੁਕਾਬਲੇ ਵਿਦਿਆਰਥੀ-ਵਿਦਿਆਰਥਣਾਂ ਦੀ ਸਮਝ ਅਤੇ ਮੁਹਾਰਤ ਦੇ ਪੱਧਰ ਦਾ ਮੁਲਾਂਕਣ ਕਰਨਗੇ। ਇਸ ਹੇਠ ਜਮਾਤਾਂ ’ਚ ਪਾਠ ਪੁਸਤਕਾਂ ਨੂੰ ‘ਕਵਰ’ ਕਰਨ ਦੀ ਮੌਜੂਦਾ ਪ੍ਰਥਾ ਤੋਂ ਬਚਿਆ ਜਾਵੇਗਾ ਅਤੇ ਪਾਠ ਪੁਸਤਕਾਂ ਦੀਆਂ ਕੀਮਤਾਂ ’ਚ ਕਮੀ ਲਿਆਂਦੀ ਜਾਵੇਗੀ।

ਨਵੇਂ ਪਾਠਕ੍ਰਮ ਢਾਂਚੇ ਅਨੁਸਾਰ ਸਕੂਲ ਬੋਰਡ ਜਾਇਜ਼ ਸਮੇਂ ’ਚ ‘ਮੰਗ ਅਨੁਸਾਰ’ ਇਮਤਿਹਾਨ ਦੀ ਪੇਸ਼ਕਸ਼ ਕਰਨ ਦੀ ਸਮਰਥਾ ਵਿਕਸਤ ਕਰਨਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-