ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਦਾ ਮਾਮਲਾ: ਭਲਕੇ ਜਾਰਜੀਆ ’ਚ ਆਤਮ ਸਮਰਪਣ ਕਰਨਗੇ ਡੋਨਾਲਡ ਟਰੰਪ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਾਰਜੀਆ ਵਿਚ ਚੋਣ ਹਾਰ ਨੂੰ ਪਲਟਣ ਦੀ ਕੋਸ਼ਿਸ਼ ਦੇ ਇਲਜ਼ਾਮਾਂ ਨਾਲ ਜੁੜੇ ਮਾਮਲੇ ਵਿਚ ਭਲਕੇ (ਵੀਰਵਾਰ) ਨੂੰ ਰਾਜ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰਨਗੇ। ਟਰੰਪ ਨੇ ਸੋਮਵਾਰ ਰਾਤ ਨੂੰ ਅਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਕੀ ਤੁਸੀਂ ਇਸ ‘ਤੇ ਵਿਸ਼ਵਾਸ ਕਰ ਸਕਦੇ ਹੋ? ਮੈਂ ਗ੍ਰਿਫ਼ਤਾਰੀ ਲਈ ਵੀਰਵਾਰ ਨੂੰ ਅਟਲਾਂਟਾ, ਜਾਰਜੀਆ ਜਾਵਾਂਗਾ”।
ਟਰੰਪ ਦੀ ਇਸ ਘੋਸ਼ਣਾ ਤੋਂ ਪਹਿਲਾਂ ਉਨ੍ਹਾਂ ਦੇ ਵਕੀਲਾਂ ਨੇ ਅਟਲਾਂਟਾ ਵਿਚ ਸਰਕਾਰੀ ਵਕੀਲਾਂ ਨਾਲ ਮੁਲਾਕਾਤ ਕੀਤੀ ਤਾਂ ਜੋ ਉਸ ਦੀ ਰਿਹਾਈ ਲਈ ਜ਼ਮਾਨਤ ਦੇ ਵੇਰਵਿਆਂ ‘ਤੇ ਚਰਚਾ ਕੀਤੀ ਜਾ ਸਕੇ। ਫੁਲਟਨ ਕਾਉਂਟੀ ਜ਼ਿਲ੍ਹਾ ਅਟਾਰਨੀ ਫੈਨੀ ਵਿਲਿਸ, ਟਰੰਪ ਦੇ ਬਚਾਅ ਪੱਖ ਦੇ ਅਟਾਰਨੀ ਅਤੇ ਜੱਜ ਨੇ ਜ਼ਮਾਨਤ ਸਮਝੌਤੇ ‘ਤੇ ਦਸਤਖਤ ਕੀਤੇ, ਜਿਸ ਦੇ ਅਨੁਸਾਰ ਸਾਬਕਾ ਰਾਸ਼ਟਰਪਤੀ ਸੋਸ਼ਲ ਮੀਡੀਆ ਸਮੇਤ ਕਿਸੇ ਵੀ ਤਰੀਕੇ ਨਾਲ ਕੇਸ ਦੇ ਦੂਜੇ ਬਚਾਅ ਪੱਖ, ਗਵਾਹਾਂ ਜਾਂ ਪੀੜਤਾਂ ਨੂੰ ਧਮਕਾਇਆ ਨਹੀਂ ਜਾ ਸਕਦਾ। ਇਸ ਸਮਝੌਤੇ ਅਨੁਸਾਰ ਜ਼ਮਾਨਤ ਦੀ ਰਕਮ ਦੋ ਲੱਖ ਅਮਰੀਕੀ ਡਾਲਰ ਰੱਖੀ ਗਈ ਹੈ।
ਟਰੰਪ ਅਮਰੀਕਾ ਦੇ ਇਤਿਹਾਸ ਵਿਚ ਮਹਾਦੋਸ਼ ਦਾ ਸਾਹਮਣਾ ਕਰਨ ਵਾਲੇ ਦੇਸ਼ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ। ਅਪ੍ਰੈਲ ਤੋਂ ਬਾਅਦ ਇਹ ਉਨ੍ਹਾਂ ਦੀ ਚੌਥੀ ਗ੍ਰਿਫ਼ਤਾਰੀ ਹੋਵੇਗੀ। ਦੱਸ ਦੇਈਏ ਕਿ ਅਮਰੀਕਾ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ‘ਚ ਟਰੰਪ ਕਾਫੀ ਅੱਗੇ ਹਨ। ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ‘ਤੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲੱਗਿਆ ਹੈ।