ਪੰਜਾਬਫੀਚਰਜ਼

ਵੱਡੇ ਦੋਸ਼ੀਆਂ ਨੂੰ ਛੱਡ ਕੇ ਛੋਟੇ-ਮੋਟੇ ਦੋਸ਼ੀਆਂ ’ਤੇ ਹੀ ਚੱਲ ਰਿਹਾ ਹੈ ‘ਇਨਕਲਾਬੀਆਂ’ ਦਾ ਡੰਡਾ

ਪਟਿਆਲਾ :  ਪਟਿਆਲਾ ਦੇ ਪਸਿਆਣਾ ਥਾਣੇ ਅਧੀਨ ਪੈਂਦੇ ਲੰਗਦੌਈ ਵਿਚ ਸਰਚ ਅਭਿਆਨ ਦੌਰਾਨ ਪੁਲਿਸ ਨੂੰ ਵਾਇਰਲ ਵੀਡੀਓ ਵਿਚ ਨਸ਼ਾ ਵੇਚਦੀ ਔਰਤ ਦੇ ਇੱਕ ਹੋਰ ਸਾਥੀ ਦਾ ਸੁਰਾਗ ਮਿਲਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪਿੰਡ ਵਿਚ ਕਰੀਬ ਪੰਜ ਤੋਂ ਛੇ ਘੰਟੇ ਚੱਲੇ ਸਰਚ ਆਪਰੇਸ਼ਨ ਦੌਰਾਨ ਕੋਈ ਬਰਾਮਦਗੀ ਨਹੀਂ ਹੋਈ ਹੈ।

ਪਿੰਡ ਦੇ ਕਈ ਘਰਾਂ ਨੂੰ ਤਾਲੇ ਲੱਗੇ ਹੋਏ ਸਨ, ਇਸ ਲਈ ਪੁਲਿਸ ਨੇ ਇਨ੍ਹਾਂ ਘਰਾਂ ਦੇ ਮਾਲਕਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਮਕਾਨਾਂ ਦੇ ਮਾਲਕਾਂ ਦਾ ਰਿਕਾਰਡ ਹਾਸਲ ਕਰਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਐਸਪੀ ਸਪੈਸ਼ਲ ਸੈੱਲ ਸੌਰਵ ਜਿੰਦਲ ਨੇ ਕਿਹਾ ਕਿ ਜੇਕਰ ਇਨ੍ਹਾਂ ਬੰਦ ਪਏ ਮਕਾਨਾਂ ਦੇ ਮਾਲਕਾਂ ਖ਼ਿਲਾਫ਼ ਪੁਲਿਸ ਕੇਸ ਦਰਜ ਹੋਣ ਦਾ ਰਿਕਾਰਡ ਸਾਹਮਣੇ ਆਇਆ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਵਾਇਰਲ ਵੀਡੀਓ ਮਾਮਲੇ ਵਿਚ ਥਾਣਾ ਪਸਿਆਣਾ ਦੀ ਪੁਲਿਸ ਨੇ ਐਸਆਈ ਨਵਦੀਪ ਕੌਰ ਦੇ ਬਿਆਨਾਂ ’ਤੇ ਗੋਗੀ ਅਤੇ ਲਖਵਿੰਦਰ ਕੌਰ ਵਾਸੀ ਲੰਗਦੌਈ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੋਗੀ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ ਜਦੋਂਕਿ ਲਖਵਿੰਦਰ ਕੌਰ ਖ਼ਿਲਾਫ਼ ਪੁਲਿਸ ਕੇਸ ਦਰਜ ਕਰਨ ਦਾ ਅਜੇ ਤੱਕ ਰਿਕਾਰਡ ਨਹੀਂ ਮਿਲਿਆ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਐਸਪੀ ਜਿੰਦਲ ਨੇ ਕਿਹਾ ਕਿ ਜੇਕਰ ਬੰਦ ਪਏ ਮਕਾਨਾਂ ਦੇ ਮਾਲਕ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਏ ਗਏ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕੇਸ ਵਿੱਚ ਅਟੈਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਇਲਾਕੇ ਦੇ ਕੁਝ ਲੋਕਾਂ ਦੀ ਜਾਇਦਾਦ ਇਸ ਕੇਸ ਨਾਲ ਕੁਰਕ ਕੀਤੀ ਜਾ ਚੁੱਕੀ ਹੈ। ਹੁਣ ਤੱਕ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਡੇਢ ਕਰੋੜ ਰੁਪਏ ਦੀ ਜਾਇਦਾਦ ਮਾਮਲੇ ਨਾਲ ਅਟੈਚ ਕੀਤੀ ਹੈ। ਸਮੱਗਲਰਾਂ ਨੇ ਨਸ਼ਾ ਵੇਚ ਕੇ ਇਹ ਜਾਇਦਾਦ ਖਰੀਦੀ ਸੀ।

ਜ਼ਿਕਰਯੋਗ ਹੈ ਕਿ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਪਿੰਡ ਲੰਗੜੋਈ ‘ਚ ਡਿਜੀਟਲ ਤੱਕੜੀ ਨਾਲ ਕੰਧ ‘ਤੇ ਰੱਖ ਕੇ ਚਿੱਟਾ ਵੇਚਿਆ ਜਾ ਰਿਹਾ ਹੈ। ਦਿਨ-ਦਿਹਾੜੇ ਬਿਨਾ ਕਿਸੇ ਡਰ ਤੋਂ ਪਿੰਡ ਦੇ ਇਕ ਮੁਹੱਲੇ ‘ਚ ਔਰਤ ਨੌਜਵਾਨ ਨੂੰ ਨਸ਼ਾ ਤੋਲ ਕੇ ਵੇਚ ਰਹੀ ਹੈ। ਚਿੱਟੇ ਦਿਨ ਚਿੱਟੇ ਦੇ ਚਲ ਰਹੇ ਵਪਾਰ ਦੀ ਵੀਡੀਓ ਮੰਗਲਵਾਰ ਨੂੰ ਸਾਹਮਣੇ ਆਈ ਹੈ

ਜਿਸ ਵਿਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ‘ਚ ਪੁੱਜਦਾ ਹੈ ਤੇ ਉਸ ਨੂੰ ਗਲੀ ‘ਚ ਖੜ੍ਹੀ ਔਰਤ ਮਿਲਦੀ ਹੈ। ਨੌਜਵਾਨ ਉਸ ਕੋਲੋਂ ਸਾਮਾਨ ਦੀ ਮੰਗ ਕਰਦਾ ਹੈ ਤਾਂ ਔਰਤ ਝੱਟ ਆਪਣੇ ਕੱਪੜਿਆਂ ‘ਚ ਲੁਕਾ ਕੇ ਰੱਖੀ ਡਿਜੀਟਲ ਤੱਕੜੀ ਕੱਢ ਕੇ ਕੰਧ ‘ਤੇ ਰੱਖਦੀ ਹੈ ਤੇ ਦੂਸਰੇ ਹੱਥ ਨਾਲ ਲਿਫਾਫੇ ‘ਚੋਂ ਚਿੱਟਾ ਕੱਢ ਕੇ ਤੋਲਦੀ ਨਜ਼ਰ ਆ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-