ਦੇਸ਼-ਵਿਦੇਸ਼

ਕੈਨੇਡਾ ਭੇਜਣ ਦੇ ਨਾਂਅ ’ਤੇ 5 ਲੱਖ ਰੁਪਏ ਦੀ ਠੱਗੀ; ਨੌਜਵਾਨ ਨੂੰ ਕੰਪਨੀ ਨੇ ਦਿਤਾ ਜਾਅਲੀ ਵੀਜ਼ਾ

ਮੋਹਾਲੀ: ਵਿਦੇਸ਼ ਭੇਜਣ ਦੇ ਨਾਂਅ ’ਤੇ ਨੌਜਵਾਨ ਨਾਲ ਠੱਗੀ ਦੇ ਇਲਜ਼ਾਮ ਤਹਿਤ ਫੇਜ਼-7 ਐਕਸਪਰਟ ਪੁਆਇੰਟ ਇਮੀਗ੍ਰੇਸ਼ਨ ਕੰਪਨੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਨਿਵਾਸੀ ਮਲਕੀਤ ਸਿੰਘ ਨੇ ਐਸ.ਐਸ.ਪੀ. ਮੋਹਾਲੀ ਨੂੰ ਸ਼ਿਕਾਇਤ ਦਿਤੀ ਹੈ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਕੰਪਨੀ ਦਾ ਇਸ਼ਤਿਹਾਰ ਦੇਖਿਆ ਸੀ। ਇਸ ਮਗਰੋਂ ਉਸ ਨੇ ਕੰਪਨੀ ਨਾਲ ਸੰਪਰਕ ਕੀਤਾ। ਪ੍ਰਬੰਧਕਾਂ ਨੇ ਉਸ ਨੂੰ ਕਿਹਾ ਕਿ ਕੈਨੇਡਾ ਭੇਜਣ ਲਈ 8 ਲੱਖ ਰੁਪਏ ਲੱਗਣਗੇ। ਇਸ ਦੌਰਾਨ 5 ਲੱਖ ਰੁਪਏ ਪਹਿਲਾਂ ਅਤੇ 3 ਲੱਖ ਰੁਪਏ ਬਾਅਦ ਵਿਚ ਦੇਣ ਦੀ ਗੱਲ ਹੋਈ।

ਸ਼ਿਕਾਇਤਕਰਤਾ ਨੇ ਦਸਿਆ ਕਿ ਉਸ ਨੇ ਕੰਪਨੀ ਨੂੰ 5 ਲੱਖ ਰੁਪਏ ਦਿਤੇ ਪਰ ਕੰਪਨੀ ਨੇ ਬਦਲੇ ਵਿਚ ਉਸ ਨੂੰ ਜਾਅਲੀ ਵੀਜ਼ਾ ਦਿਤਾ।  ਜਦੋਂ ਇਸ ਬਾਰੇ ਉਸ ਨੇ ਕੰਪਨੀ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ ਅਤੇ ਕੁੱਝ ਸਮੇਂ ਬਾਅਦ ਫੇਜ਼-7 ਸਥਿਤ ਅਪਣਾ ਦਫ਼ਤਰ ਬੰਦ ਕਰ ਕੇ ਫਰਾਰ ਹੋ ਗਏ। ਜਦੋਂ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਹ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਇਸ ਮਗਰੋਂ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-