ਰੂਸ ’ਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪੁਤਿਨ ਵਿਰੁਧ ਬਗਾਵਤ ਕਰਨ ਵਾਲੇ ਵੈਗਨਰ ਚੀਫ ਦੀ ਮੌਤ
ਮਾਸਕੋ: ਰੂਸ ਵਿਚ ਵੈਗਨਰ ਗਰੁੱਪ ਦੇ ਚੀਫ ਯੇਵਗੇਨੀ ਪ੍ਰਿਗੋਜਿਨ ਦੀ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁਧ ਬਗਾਵਤ ਕੀਤੀ ਸੀ। ਰੂਸੀ ਏਜੰਸੀਆਂ ਮੁਤਾਬਕ ਜਹਾਜ਼ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਵੀ ਸ਼ਾਮਲ ਹਨ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀਆਂ ਨੇ ਕਿਹਾ ਕਿ ਵੈਗਨਰ ਗਰੁੱਪ ਦਾ ਮੁਖੀ ਯੇਵਗੇਨੀ ਪ੍ਰਿਗੋਜ਼ਿਨ, ਜਿਸ ਨੇ ਜੂਨ ਵਿਚ ਰੂਸ ਦੀ ਫ਼ੌਜ ਵਿਰੁਧ ਬਗਾਵਤ ਦੀ ਅਗਵਾਈ ਕੀਤੀ ਸੀ, ਕਰੈਸ਼ ਹੋਏ ਜਹਾਜ਼ ਦੇ ਯਾਤਰੀਆਂ ਵਿਚ ਸ਼ਾਮਲ ਸੀ। ਨਿਊਜ਼ ਏਜੰਸੀ ਟੀ.ਏ.ਐਸ.ਐਸ. ਦੀ ਰੀਪੋਰਟ ਰੂਸ ਦੀ ਹਵਾਬਾਜ਼ੀ ਏਜੰਸੀ ਨੇ ਕਿਹਾ ਕਿ ਟਵਰ ਖੇਤਰ ਵਿਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਯਾਤਰੀਆਂ ਵਿਚ ਯੇਵਗੇਨੀ ਪ੍ਰਿਗੋਜ਼ਿਨ ਵੀ ਸ਼ਾਮਲ ਸਨ।
ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਨੇ ਕੁੱਝ ਸਮਾਂ ਪਹਿਲਾਂ ਕਿਹਾ ਸੀ, “ਜਹਾਜ਼ ‘ਤੇ 3 ਚਾਲਕ ਦਲ ਦੇ ਮੈਂਬਰਾਂ ਸਮੇਤ 10 ਲੋਕ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ‘ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।” ਅੰਤਰਰਾਸ਼ਟਰੀ ਸਮੇਂ ਅਨੁਸਾਰ ਸ਼ਾਮ ਕਰੀਬ 5:00 ਵਜੇ, ਮੰਤਰਾਲੇ ਨੇ ਘੋਸ਼ਣਾ ਕੀਤੀ ਕਿ “ਮਾਸਕੋ ਤੋਂ ਸੇਂਟ ਪੀਟਰਸਬਰਗ ਜਾ ਰਿਹਾ ਇਕ ਨਿੱਜੀ ਐਂਬਰੇਅਰ ਲੀਗੇਸੀ ਜਹਾਜ਼ ਟਵਰ ਖੇਤਰ ਵਿਚ ਕੁਜ਼ੇਨਕਿਨੋ ਪਿੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।”