ਪ੍ਰੀਗੋਜ਼ਿਨ ਦੀ ਮੌਤ ਪਿੱਛੇ ਰੂਸ ਦਾ ਹੱਥ ਨਹੀਂ: ਕਰੈਮਲਿਨ
ਮਾਸਕੋ: ਰਾਸ਼ਟਰਪਤੀ ਵਲਾਦਿਮੀਰ ਪੂਤਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਜਹਾਜ਼ ਹਾਦਸੇ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ਾਂ ਨੂੰ ਅੱਜ ਰੱਦ ਕਰ ਦਿੱਤਾ। ਇਸ ਹਾਦਸੇ ਵਿੱਚ ਨਿੱਜੀ ਫੌਜੀ ਵੈਗਨਰ ਗਰੁੱਪ ਦੇ ਮੁਖੀ ਯੇਵਜਨੀ ਪ੍ਰੀਗੋਜ਼ਿਨ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਦਸ ਲੋਕ ਮਾਰੇ ਗਏ ਸਨ। ਪ੍ਰੀਗੋਜ਼ਿਨ ਦੇ ਲੜਾਕਿਆਂ ਦੀ ਯੂਕਰੇਨ, ਅਫਰੀਕਾ ਅਤੇ ਸੀਰੀਆ ਵਿੱਚ ਦਹਿਸ਼ਤ ਸੀ। ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਰੂਸੀ ਫੌਜ ਖਿਲਾਫ਼ ਬਗ਼ਾਵਤ ਦੀ ਅਗਵਾਈ ਕੀਤੀ ਸੀ। ਪੂਤਿਨ ਵੱਲੋਂ ਪ੍ਰੀਗੋਜ਼ਿਨ ਦੀ ਪ੍ਰਸ਼ੰਸਾ ਕੀਤੇ ਜਾਣ ਦੇ ਬਾਵਜੂਦ ਸ਼ੱਕ ਵੱਧ ਗਿਆ ਕਿ ਬੁੱਧਵਾਰ ਨੂੰ ਹੋਏ ਇਸ ਹਾਦਸੇ ਪਿੱਛੇ ਰੂਸੀ ਆਗੂ ਦਾ ਹੱਥ ਸੀ। ਕਈ ਲੋਕ ਇਸ ਨੂੰ ਹੱਤਿਆ ਵਜੋਂ ਦੇਖ ਰਹੇ ਹਨ। ਅਮਰੀਕਾ ਦੀ ਮੁੱਢਲੀ ਖੁਫੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਵਿੱਚ ਜਾਣ-ਬੁੱਝ ਕੇ ਧਮਾਕਾ ਕੀਤਾ ਗਿਆ ਸੀ। ਇੱਥੇ ਕਾਨਫਰੰਸ ਹਾਲ ਵਿੱਚ ਪੈਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੇਸ਼ੱਕ, ਪੱਛਮੀ ਮੁਲਕ ਇੱਕ ਖਾਸ ਮਕਸਦ ਤਹਿਤ ਅਜਿਹੀਆਂ ਕਿਆਸਰਾਈਆਂ ਲਗਾ ਰਹੇ ਹਨ, ਪਰ ਇਹ ਪੂਰੀ ਤਰ੍ਹਾਂ ਝੂਠ ਹੈ। -ਏਪੀ