ਬਹਾਦਰ ਸਿੰਘ ਗੋਸਲ

ਪੰਜਾਬ ਵਿੱਚ ਹੀ ਨਹੀਂ ਸਗੋ ਦੇਸ਼-ਵਿਦੇਸ਼ ਵਿੱਚ ਵੀ ਬਹੁਤ ਸਾਰੇ ਅਜਿਹੇ ਨਗਰ ਹਨ, ਜਿਨ੍ਹਾਂ ਦਾ ਕਿਸੇ ਨਾ ਕਿਸੇ ਸਿੱਖ ਗੁਰੂ ਸਾਹਿਬ ਨਾਲ ਸਬੰਧਤ ਹੋਣ ਦਾ ਵੇਰਵਾ ਮਿਲਦਾ ਹੈ। ਪਰ ਕੁੱਝ ਨਗਰ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਦਸਾਂ ਗੁਰੂ ਸਾਹਿਬਾਨ ’ਚੋਂ ਕਿਸੇ ਨਾ ਕਿਸੇ ਨੇ ਆਪਣੇ ਹੱਥੀਂ ਵਸਾਇਆ ਜਾਂ ਆਬਾਦ ਕੀਤਾ ਹੈ। ਗੁਰੂ ਬਖਸ਼ਿਸ਼ਾਂ ਨਾਲ ਇਹ ਨਗਰ ਅੱਜ-ਕੱਲ੍ਹ ਵੱਡੇ ਸ਼ਹਿਰ ਬਣ ਕੇ ਹਰ ਪੱਖੋਂ ਵਿਆਪਕ ਵਿਕਾਸ ਦੀ ਗਤੀ ਫੜ ਰਹੇ ਹਨ। ਇਹ ਸ਼ਹਿਰ ਪਵਿੱਤਰ ਹੀ ਨਹੀਂ ਹਨ ਸਗੋਂ ਆਪਣੀ ਬਚਿੱਤਰ ਹੋਂਦ ਸਦਕਾ ਮਨੁੱਖਤਾ ਨੂੰ ਨਵੀਂ ਜੀਵਨ ਸੇਧ ਦੇ ਰਹੇ ਹਨ। ਇਨ੍ਹਾਂ ’ਚੋਂ ਕੁੱਝ ਸ਼ਹਿਰਾਂ ਦਾ ਜ਼ਿਕਰ ਇਸ ਤਰ੍ਹਾਂ ਹੈ:

• ਸ੍ਰੀ ਕਰਤਾਰਪੁਰ ਸਾਹਿਬ: ਸ੍ਰੀ ਕਰਤਾਰਪੁਰ ਸਾਹਿਬ ਅੱਜ-ਕੱਲ੍ਹ ਪਾਕਿਸਤਾਨ ਵਿੱਚ ਸਥਿਤ ਹੈ। ਇਹ ਪਵਿੱਤਰ ਨਗਰ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਸੋਧਣ ਅਤੇ ਜਗਤ-ਜਲੰਦੇ ਨੂੰ ਠੰਢ ਪਾਉਣ ਲਈ ਦੂਜੀ ਉਦਾਸੀ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਸਹੁਰੇ ਘਰ ਪਿੰਡ ਪੱਖੋਕੇ ਰਹਿੰਦੇ ਸਨ। ਗੁਰੂ ਜੀ ਨੇ ਫੈਸਲਾ ਕੀਤਾ ਕਿ ਦੂਜੀ ਉਦਾਸੀ ਆਰੰਭਣ ਤੋਂ ਪਹਿਲਾ ਉਨ੍ਹਾਂ ਲਈ ਆਪਣਾ ਘਰ-ਟਿਕਾਣਾ ਬਣਾ ਦਿੱਤਾ ਜਾਵੇ। ਅਜਿਹਾ ਮਨ ਵਿੱਚ ਧਾਰ ਗੁਰੂ ਜੀ ਰਾਵੀ ਦੇ ਸੱਜੇ ਕੰਢੇ ਦੇ ਨਾਲ ਹੋ ਤੁਰੇ। ਰਸਤੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਇਕ ਬਹੁਤ ਹੀ ਸੋਹਣੀ ਰਮਣੀਕ ਥਾਂ ਜਾ ਬਿਰਾਜੇ। ਇਸ ਥਾਂ ਤੋਂ ਥੋੜ੍ਹੀ ਦੂਰ ਹੀ ਰਾਵੀ ਦੇ ਦੂਜੇ ਪਾਰ ਉਨ੍ਹਾਂ ਦਾ ਸਹੁਰਾ ਪਿੰਡ ਸੀ। ਉਨ੍ਹਾਂ ਨੇ ਇਸ ਥਾਂ ਨਵਾਂ ਨਗਰ ਵਸਾਉਣ ਦਾ ਫੈਸਲਾ ਕੀਤਾ ਪਰ ਉਸ ਸਮੇਂ ਇਸ ਇਲਾਕੇ ਦਾ ਮਾਲਕ ਲਾਹੌਰ ਦਾ ਮੁਸਲਮਾਨ ਬਾਸ਼ਿੰਦਾ ਕਰੋੜੀਆ ਸੀ। ਪਹਿਲਾਂ ਤਾਂ ਉਸ ਨੇ ਗੁਰੂ ਜੀ ਦਾ ਵਿਰੋਧ ਕੀਤਾ ਪਰ ਫਿਰ ਦਰਸ਼ਨ ਕਰ ਕੇ ਨਿਹਾਲ ਹੋ ਗਿਆ ਅਤੇ ਆਪ ਹੀ ਬੇਨਤੀ ਕਰ ਦਿੱਤੀ, ‘ਸੱਚੇ ਪਾਤਸ਼ਾਹ ਇਸ ਥਾਂ ਨਗਰ ਵਸਾਓ। ਇਹ ਜ਼ਮੀਨ ਮੈਂ ਆਪ ਜੀ ਨੂੰ ਭੇਟ ਕਰਦਾ ਹਾਂ।’ ਇਸ ਤਰ੍ਹਾਂ ਗੁਰੂ ਜੀ ਨੇ ਕਰਤਾਰ ਦੇ ਨਾਂ ’ਤੇ ਇੱਥੇ ਸੰਮਤ 1561 ਅਰਥਾਤ ਸੰਨ 1504 ਨੂੰ ਕਰਤਾਰਪੁਰ ਸਾਹਿਬ ਨਗਰ ਵਸਾਇਆ ਪਰ ਉਨ੍ਹਾਂ ਨੇ ਆਪਣਾ ਵਸੇਬਾ ਸੰਮਤ 1579 ਸੰਨ 1522 ਈ: ਵਿੱਚ ਕੀਤਾ। ਗੁਰੂ ਜੀ ਇਸ ਸਥਾਨ ’ਤੇ 17 ਸਾਲ, 5 ਮਹੀਨੇ ਅਤੇ 9 ਦਿਨ ਰਹੇ। ਕਰਤਾਰਪੁਰ ਸਾਹਿਬ ਵਿੱਚ ਹੀ ਗੁਰੂ ਜੀ ਨੇ ਆਸਾ ਦੀ ਵਾਰ, ਜਪੁ ਜੀ, ਤੁਖਾਰੀ ਰਾਗ ਦਾ ਬਾਰਹ ਮਾਹ, ਸਿਧ ਗੋਸਟਿ ਉਥੇ ਹੀ ਲਿਖੀਆਂ। ਗੁਰੂ ਸਾਹਿਬ ਕਰਤਾਰਪੁਰ ਵਿੱਚ ਹੀ ਜੋਤੀ ਜੋਤ ਸਮਾਏ।

• ਸ੍ਰੀ ਖਡੂਰ ਸਾਹਿਬ: ਖਡੂਰ ਭਾਵੇਂ ਪਹਿਲਾਂ ਹੀ ਇਕ ਪਿੰਡ ਦੇ ਰੂਪ ਵਿੱਚ ਵਸਿਆ ਹੋਇਆ ਸੀ ਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ 17 ਹਾੜ ਸੰਮਤ 1596 ਮੁਤਾਬਕ 14 ਜੂਨ ਸੰਨ 1539 ਨੂੰ ਲਹਿਣਾ ਜੀ ਨੂੰ ਗੁਰਗੱਦੀ ’ਤੇ ਬਿਰਾਜਮਾਨ ਕਰ ਕੇ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣਾ ਕੇ ਉਨ੍ਹਾਂ ਨੂੰ ਖਡੂਰ ਜਾਣ ਦੀ ਆਗਿਆ ਕੀਤੀ ਤਾਂ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨਗਰ ਨੂੰ ਚਾਰ-ਚੰਨ ਲਗਾ ਦਿੱਤੇ। ਇੱਥੇ ਸੰਗਤ ਵੱਡੀ ਗਿਣਤੀ ਵਿੱਚ ਆਉਣ ਲੱਗੀ ਅਤੇ ਨਗਰ ਨੂੰ ਨਵਾਂ ਰੂਪ ਮਿਲ ਗਿਆ। ਗੁਰੂ ਸਾਹਿਬ ਖਡੂਰ ਵਿਖੇ ਆਪਣੀ ਭੂਆ ਮਾਈ ਭਿਰਾਈ ਦੇ ਘਰ ਸਿਮਰਨ ਕਰਦੇ ਰਹੇ। ਇਸ ਤਰ੍ਹਾਂ ਉਨ੍ਹਾਂ ਖਡੂਰ ਨੂੰ ਭਾਗ ਲਾ ਦਿੱਤੇ ਅਤੇ ਖਡੂਰ ਵਸ ਗਿਆ। ਖਡੂਰ ਸਾਹਿਬ ਵਿਖੇ ਹੀ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਪ੍ਰਚਾਰਦੇ ਰਹੇ ਅਤੇ ਇੱਥੇ ਹੀ ਸਿੱਖ ਇਤਿਹਾਸ ਨੇ ਕਈ ਕਰਵਟਾਂ ਲਈਆਂ, ਜਿਸ ਵਿੱਚ ਲੰਗਰ ਪ੍ਰਥਾ ਨੂੰ ਉਤਸ਼ਾਹਿਤ ਕਰਨਾ, ਖੇਡਾਂ-ਕੁਸ਼ਤੀਆਂ ਦੀ ਆਰੰਭਤਾ ਕਰਨੀ, ਹਮਾਯੰੂ ਦਾ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ, ਗੁਰਮੁਖੀ ਅੱਖਰਾਂ ਦਾ ਵਿਕਾਸ, ਤਪੇ ਦੀ ਈਰਖਾ ਨੂੰ ਖਤਮ ਕਰਨ ਅਤੇ ਗੁਰੂ ਜੀ ਵੱਲੋਂ ਹੋਰ ਬਾਣੀ ਦਾ ਉਚਾਰਨ ਕਰਨਾ ਸ਼ਾਮਲ ਹਨ। ਇਸ ਸਥਾਨ ’ਤੇ ਹੀ ਗੁਰੂ ਅੰਗਦ ਦੇਵ ਜੀ ਵੱਲੋਂ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਿਆ ਗਿਆ।

• ਸ੍ਰੀ ਗੋਇੰਦਵਾਲ ਸਾਹਿਬ: ਜਦੋਂ ਗੁਰੂ ਅਮਰਦਾਸ ਜੀ ਨੇ ਘਾਲ-ਕਮਾਈ ਸੇਵਾ ਸ਼ੁਰੂ ਕੀਤੀ ਤਾਂ ਉਹ ਸੰਨ 1541 ਤੋਂ 1552 ਤੱਕ ਖਡੂਰ ਸਾਹਿਬ ਰਹੇ ਅਤੇ 11 ਸਾਲ ਮਨ ਚਿੱਤ ਇਕ ਕਰ ਕੇ ਦੂਜੇ ਗੁਰੂ ਜੀ ਦੀ ਸੇਵਾ ਕੀਤੀ। ਗੁਰੂ ਅੰਗਦ ਦੇਵ ਜੀ ਦੇ ਕਹਿਣ ’ਤੇ ਹੀ ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਵਸਾਇਆ ਗਿਆ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ 1546 ਵਿੱਚ ਵਸਾਉਣਾ ਸ਼ੁਰੂ ਕੀਤਾ। ਮਾਰਚ 1552 ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਗੁਰੂ ਅਮਰਦਾਸ ਨੂੰ ਸੌਂਪੀ। ਗੁਰੂ ਅਮਰਦਾਸ ਜੀ ਨੇ ਆਪਣਾ ਪੱਕਾ ਡੇਰਾ ਗੋਇੰਦਵਾਲ ਹੀ ਕਰ ਲਿਆ। ਉਨ੍ਹਾਂ ਨੇ 22 ਸਾਲ 2 ਮਹੀਨੇ ਗੋਇੰਦਵਾਲ ਰਹਿ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ। ਦੂਜੇ ਗੁਰੂ ਦੇ ਸਪੁੱਤਰ ਭਾਈ ਦਾਤੂ ਦੀ ਕੁੱਝ ਵਿਰੋਧਤਾ ਕਾਰਨ ਗੁਰੂ ਅਮਰਦਾਸ ਜੀ ਨੇ ਕੁੱਝ ਚਿਰ ਲਈ ਗੋਇੰਦਵਾਲ ਛੱਡ ਵੀ ਦਿੱਤਾ ਸੀ ਪਰ ਸਿੱਖਾਂ ਦੇ ਪਿਆਰ ਅਤੇ ਬਾਬਾ ਬੁੱਢਾ ਜੀ ਦੀ ਭਾਲ ਨੇ ਗੁਰੂ ਜੀ ਨੂੰ ਫਿਰ ਮੋੜ ਲਿਆਂਦਾ। ਸ੍ਰੀ ਗੋਇੰਦਵਾਲ ਵਿਖੇ ਹੀ ਗੁਰੂ ਜੀ ਨੇ ਬਾਉਲੀ ਸਾਹਿਬ ਦੀ ਸਥਾਪਨਾ ਕੀਤੀ। ਗੋਇੰਦਵਾਲ ਸਾਹਿਬ ਵਿਖੇ ਹੀ ਬਾਦਸ਼ਾਹ ਅਕਬਰ ਸੰਨ 1565 ’ਚ ਗੁਰੂ ਜੀ ਦੇ ਦਰਬਾਰ ਆਇਆ ਤੇ ਬੀਬੀ ਭਾਨੀ ਜੀ ਨੂੰ ਆਪਣੀ ਬੱਚੀ ਕਹਿ ਕੇ ਝਬਾਲ ਇਲਾਕੇ ਦੇ 22 ਪਿੰਡਾਂ ਨੂੰ ਬੀਬੀ ਜੀ ਦੇ ਨਾਮ ਲਗਾ ਦਿੱਤਾ ਸੀ।

• ਅੰਮ੍ਰਿਤਸਰ: ਸੰਨ 1566 ਨੂੰ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਆਇਆ ਅਤੇ ਬੀਬੀ ਭਾਨੀ ਜੀ ਦੇ ਨਾਮ ਝਬਾਲ ਦੇ ਪਰਗਨੇ ਦੇ 22 ਪਿੰਡ ਲਗਾ ਦਿੱਤੇ। ਗੁਰੂ ਅਮਰਦਾਸ ਜੀ ਨੇ 1570 ਈ: ਵਿੱਚ ਭਾਈ ਜੇਠਾ ਜੀ ਨੂੰ ਨਵਾਂ ਸ਼ਹਿਰ ਰਾਮਦਾਸਪੁਰ (ਅੰਮ੍ਰਿਤਸਰ) ਬਣਾਉਣ ਦੀ ਆਗਿਆ ਕੀਤੀ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ 1883-84 ਦੇ ਗਜਟੀਅਰ ਵਿੱਚ ਇਹ ਲਿਖਿਆ ਸੀ ਕਿ ਇਹ ਥਾਂ ਜਿੱਥੇ ਗੁਰੂ ਚੱਕ (ਅੰਮ੍ਰਿਤਸਰ) ਬਣਿਆ ਹੈ ਗੁਰੂ ਰਾਮਦਾਸ ਜੀ ਨੇ ਤੁੰਗ ਪਿੰਡ ਦੇ ਜ਼ਿਮੀਦਾਰਾਂ ਕੋਲੋਂ 700 ਰੁਪਏ ਤੋਂ ਖਰੀਦੀ ਸੀ। ਸੰਨ 1797 ਤੱਕ ਗੁਰੂ ਦਾ ਚੱਕ ਵੀ ਪ੍ਰਸਿੱਧ ਰਿਹਾ ਹੈ। ਗੁਰੂ ਰਾਮ ਦਾਸ ਜੀ ਸੰਨ 1574 ਵਿੱਚ ਗੁਰਗੱਦੀ ’ਤੇ ਬੈਠੇ ਅਤੇ ਸੱਤ ਕੁ ਸਾਲ ਗੁਰੂ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ। ਆਪ ਜੀ ਉਸੇ ਸਾਲ ਹੀ ਗੋਇੰਦਵਾਲ ਛੱਡ ਕੇ ਅੰਮ੍ਰਿਤਸਰ ਆ ਬਿਰਾਜੇ। ਉਸ ਵੇਲੇ ਇਹ ਅਸਥਾਨ ਗੁਰੂ ਕਾ ਚੱਕ ਅਖਵਾਉਂਦਾ ਸੀ। ਗੁਰੂ ਜੀ ਨੇ ਸਾਰਾ ਧਿਆਨ ਸ਼ਹਿਰ ਵਸਾਉਣ ਵੱਲ ਲਗਾਇਆ। ਉਨ੍ਹਾਂ ਨੇ ਦੁੱਖ ਭੰਜਨੀ ਬੇਰੀ ਵਾਲੇ ਤਲਾਬ ਨੂੰ ਵੱਡਾ ਕਰਨ ਲਈ ਆਪ ਹੀ ਟੱਕ ਲਗਾਇਆ ਅਤੇ ਨਾਮ ਅੰਮ੍ਰਿਤਸਰ ਰੱਖਿਆ। ਵੱਖ-ਵੱਖ ਕੰਮ ਕਰਨ ਵਾਲੇ ਲੋਕ ਉੱਥੇ ਆ ਵਸੇ। ਵਪਾਰੀ ਤਬਕੇ ਨੂੰ ਉਤਸ਼ਾਹ ਦਿੱਤਾ। ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਸ਼ਹਿਰ ਛੇਤੀ ਹੀ ਵੱਸ ਗਿਆ। ਭਾਈ ਭਗਤੂ ਅਤੇ ਭਾਈ ਬਹਿਲੋ ਜੀ ਨੇ ਦਿਨ-ਰਾਤ ਇੱਕ ਕਰ ਕੇ ਬਾਜ਼ਾਰ ਉਸਾਰੇ। ਸੰਨ 1581 ਈ. ਨੂੰ ਸ੍ਰੀ ਗੁਰੂ ਰਾਮ ਦਾਸ ਜੀ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦਿੱਤੀ ਉਪਰੰਤ ਆਪ ਜੀ ਜੋਤੀ ਜੋਤ ਸਮਾ ਗਏ। ਸੰਨ 1588 ਜਨਵਰੀ ਮਹੀਨੇ ਮਾਘੀ ਵਾਲੇ ਦਿਨ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ। ਇਹ ਪਵਿੱਤਰ ਕਾਰਜ ਮੀਆਂ ਮੀਰ ਨੇ ਕੀਤਾ। ਭਾਦਰੋ ਸੁਦੀ ਪਹਿਲੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤੀ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਅਕਾਲ ਤਖ਼ਤ ਵੀ ਇੱਥੇ ਹੀ ਸੁਸ਼ੋਭਿਤ ਹੈ।

• ਤਰਨਤਾਰਨ ਸਾਹਿਬ: ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸੰਨ 1590 ਵਿੱਚ ਇਕ ਨਵਾਂ ਨਗਰ ਵਸਾਇਆ। ਇਸ ਨਗਰ ਦਾ ਨਾਮ ਤਰਨ ਤਾਰਨ ਰੱਖਿਆ ਗਿਆ। ਇਹ ਨਗਰ ਵਸਾਉਣ ਦਾ ਮੁੱਖ ਕਾਰਨ ਸਖੀ ਸਰਵਰੀਆ ਦੇ ਪ੍ਰਭਾਵ ਨੂੰ ਘੱਟ ਕਰਨਾ ਸੀ। ਇਸ ਨਗਰ ਦੇ ਬਣਨ ਨਾਲ ਸਰਵਰੀਆ ਦੇ ਪ੍ਰਚਾਰ ਨੂੰ ਵੱਡੀ ਸੱਟ ਲੱਗੀ, ਜਿਨ੍ਹਾਂ ਨੇ ਇਸ ਵਿਰੁੱਧ ਇਲਾਕੇ ਦੇ ਹਾਕਮਾਂ ਨੂੰ ਚੁਕਣਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਇਲਾਕੇ ਦੇ ਹਾਕਮ ਨੂਰ ਦੀਨ ਦੇ ਪੁੱਤਰ ਅਮੀਰ ਦੀਨ ਨੇ ਉਹ ਪੱਕੀਆਂ ਇੱਟਾਂ ਜੋ ਤਰਨ ਤਾਰਨ ਸਰੋਵਰ ਲਈ ਆਈਆਂ ਸਨ, ਜਬਰਦਸਤੀ ਉਠਾ ਕੇ ਆਪਣੀ ਹਵੇਲੀ ਨੂੰ ਲਵਾ ਦਿੱਤੀਆਂ। ਪਰ ਗੁਰੂ ਜੀ ਬੜੇ ਜੋਸ਼ ਨਾਲ ਤਰਨ ਤਾਰਨ ਦੀ ਉਸਾਰੀ ਲਈ ਜੁੱਟੇ ਰਹੇ। ਤਰਨ ਤਾਰਨ ਵਿੱਚ ਹੀ ਪਹਿਲਾ ਕੋਹੜੀ ਘਰ ਬਣਾਇਆ ਗਿਆ। ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ 13-14 ਮੀਲ ਦੱਖਣ ਵੱਲ 17 ਵੈਸਾਖ ਸੰਮਤ 1647 ਨੂੰ ਤਰਨ ਤਾਰਨ ਦੇ ਸਰੋਵਰ ਦੀ ਆਰੰਭਤਾ ਕੀਤੀ ਸੀ ਅਤੇ ਨਵਾਂ ਨਗਰ ਵਸਾਇਆ। ਇਸ ਕਾਰਜ ਲਈ ਲੋੜੀਂਦੀ ਜ਼ਮੀਨ ਭਾਈ ਲਗਾਹ ਜੀ ਢਿੱਲੋਂ ਚੌਧਰੀ ਨੇ ਪਲਾਸੌਰ ਦੇ ਰੰਗੜਾ ਤੋਂ ਮੁੱਲ ਲੈ ਕੇ ਗੁਰੂ ਜੀ ਨੂੰ ਭੇਟ ਕੀਤੀ ਸੀ। ਸਰੋਵਰ ਕੰਢੇ ਗੁਰੂ ਜੀ ਨੇ ਗੁਰਦੁਆਰਾ ਬਣਾਇਆ।

• ਆਨੰਦਪੁਰ ਸਾਹਿਬ: ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਆਪ ਤਿੰਨ ਪਿੰਡ ਮਾਖੋਵਾਲ, ਮਟੌਰ ਅਤੇ ਲੋਧੀਪੁਰ ਖਰੀਦੇ। ਸੰਨ 1883 ਦੇ ਹੁਸ਼ਿਆਰਪੁਰ ਗਜ਼ਟੀਅਰ ਵਿੱਚ ਲਿਖਿਆ ਹੈ ਕਿ ਮਾਖੋਵਾਲ ਸਤਲੁਜ ਦੇ ਕੰਢੇ ਤੁਆਲਕ ਜੰਡ ਬਾਰੀ ਵਿੱਚ ਸੀ। ਗੁਰੂ ਤੇਗ ਬਹਾਦਰ ਜੀ ਨੇ ਉਹ ਥਾਂ ਰਾਜਾ ਬਿਲਾਸਪੁਰ ਕੋਲੋ ਖਰੀਦੀ। 2200 ਰੁਪਏ ਦੇ ਕੇ ਪਿੰਡ ਦੀ ਸਾਰੀ ਜ਼ਮੀਨ ਕਹਿਲੂਰ ਦੇ ਰਾਜੇ ਕੋਲੋਂ ਖਰੀਦ ਲਈ। ਨਵੇਂ ਪਿੰਡ ਦਾ ਪਹਿਲਾ ਨਾਂ ਨਾਨਕੀ ਚੱਕ ਅਤੇ ਫਿਰ ਅਨੰਦਪੁਰ ਰੱਖਿਆ ਗਿਆ। 19 ਜੂਨ 1665 ਨੂੰ ਆਨੰਦਪੁਰ ਸਾਹਿਬ ਦਾ ਟੱਕ ਬਾਬਾ ਗੁਰਦਿੱਤਾ ਜੀ ਨੇ ਲਗਾਇਆ ਅਤੇ ਛੇ ਮਹੀਨਿਆਂ ਵਿੱਚ ਹੀ ਆਨੰਦਪੁਰ ਸਿੱਖੀ ਦਾ ਕੇਂਦਰ ਬਣ ਗਿਆ। ਆਨੰਦਪੁਰ ਸਾਹਿਬ ਤੋਂ ਹੀ ਨੌਵੇਂ ਪਾਤਸ਼ਾਹ ਨੇ ਧਰਮ ਪ੍ਰਚਾਰ ਲਈ ਆਪਣੀ ਲੰਬੀ ਯਾਤਰਾ ਆਰੰਭੀ।

ਇਸੇ ਯਾਤਰਾ ਸਮੇਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 22 ਦਸੰਬਰ 1666 ਈ: ਨੂੰ ਪਟਨਾ ਵਿਖੇ ਹੋਇਆ। ਸੰਨ 1672 ਨੂੰ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸੱਦ ਲਿਆ ਅਤੇ 1672 ਦੇ ਅਖੀਰ ਵਿੱਚ ਦਸਮ ਪਿਤਾ ਲਖਨੌਰ, ਮਨੀਮਾਜਰਾ, ਰੋਪੜ ਕੀਰਤਪੁਰ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਪੁੱਜੇ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ 11 ਨਵੰਬਰ 1675 ਈ: ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਗਰੋਂ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ। ਇਥੇ ਹੀ ਉਨ੍ਹਾਂ ਖਾਲਸਾ ਪੰਥ ਦੀ ਸਾਜਾਨਾ ਕੀਤੀ ਅਤੇ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਛੇ ਕਿਲ੍ਹੇ ਬਣਵਾਏ।