ਫੀਚਰਜ਼ਭਾਰਤ

ਐੱਨ.ਸੀ.ਸੀ.ਐਫ਼. ਨੇ ਬਫ਼ਰ ਸਟਾਕ ਲਈ ਕਿਸਾਨਾਂ ਤੋਂ 2826 ਟਨ ਪਿਆਜ਼ ਖ਼ਰੀਦਿਆ

ਨਵੀਂ ਦਿੱਲੀ: ਭਾਰਤੀ ਕੌਮੀ ਸਹਿਕਾਰੀ ਖਪਤਕਾਰ ਮਹਾਂਸੰਘ (ਐੱਨ.ਸੀ.ਸੀ.ਐੱਫ਼) ਨੇ ਸਨਿਚਰਵਾਰ ਨੂੰ ਕਿਹਾ ਹੈ ਕਿ ਉਸ ਨੇ ਪਿਛਲੇ ਚਾਰ ਦਿਨਾਂ ’ਚ ਕਿਸਾਨਾਂ ਤੋਂ ਸਿੱਧਾ 2826 ਟਨ ਪਿਆਜ਼ ਖ਼ਰੀਦਿਆ ਹੈ। ਇਹ ਖ਼ਰੀਦ 2410 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਹੋਈ।

ਘਰੇਲੂ ਕੀਮਤਾਂ ਨੂੰ ਕਾਬੂ ’ਚ ਕਰਨ ਲਈ ਨਿਰਯਾਤ ’ਤੇ ਪਾਬੰਦੀ ਲਾਉਣ ਵਿਚਕਾਰ ਸਰਕਾਰ ਇਹ ਵੀ ਚਾਹੁੰਦੀ ਹੈ ਕਿ ਕਿਸਾਨ ਘਬਰਾਹਟ ’ਚ ਵਿਕਰੀ ਨਾ ਕਰਨ। ਇਸ ਲਈ ਦੋ ਸਹਿਕਾਰੀ ਕਮੇਟੀਆਂ-ਐੱਨ.ਸੀ.ਸੀ.ਐੱਫ਼. ਅਤੇ ਐੱਨ.ਏ.ਐੱਫ਼.ਈ.ਡੀ. ਨੂੰ ਕਿਸਾਨਾਂ ਤੋਂ ਸਿੱਧਾ ਇਕ ਲੱਖ ਟਨ ਪਿਆਜ਼ ਖ਼ਰੀਦਣ ਦਾ ਹੁਕਮ ਦਿਤਾ ਹੈ।

ਦੋਵੇਂ ਸਹਿਕਾਰੀ ਕਮੇਟੀਆਂ ਸਰਕਾਰ ਦੇ ਬਫ਼ਰ ਸਟਾਕ ਨੂੰ ਥੋਕ ਅਤੇ ਪ੍ਰਚੂਨ ਬਾਜ਼ਾਰ ’ਚ ਵੇਚ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ਇਸ ਸਮੇਂ ਦਿੱਲੀ ਅਤੇ ਹੋਰ ਸ਼ਹਿਰਾਂ ’ਚ ਕੁਆਲਿਟੀ ਦੇ ਆਧਾਰ ’ਤੇ 60 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਹਨ।

ਐੱਨ.ਸੀ.ਸੀ.ਐੱਫ਼. ਦੇ ਪ੍ਰਬੰਧ ਨਿਰਦੇਸ਼ਕ ਅਨੀਸ ਜੋਸੇਫ ਚੰਦਰਾ ਨੇ ਦਸਿਆ ਕਿ ਸਹਿਕਾਰੀ ਕਮੇਟੀ ਨੇ 22 ਅਗੱਸਤ ਨੂੰ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਤੋਂ ਸਿੱਧੀ ਖਰੀਦ ਸ਼ੁਰੂ ਕੀਤੀ ਸੀ।

ਉਨ੍ਹਾਂ ਦਸਿਆ ਕਿ ਮਹਾਰਾਸ਼ਟਰ ’ਚ ਕਰੀਬ 12-13 ਖਰੀਦ ਕੇਂਦਰ ਖੋਲ੍ਹੇ ਗਏ ਹਨ ਅਤੇ ਮੰਗ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇਗਾ।
ਚੰਦਰਾ ਨੇ ਕਿਹਾ, ‘‘ਪਿਛਲੇ ਚਾਰ ਦਿਨਾਂ ’ਚ, ਅਸੀਂ ਲਗਭਗ 2,826 ਟਨ ਪਿਆਜ਼ ਖਰੀਦੇ ਹਨ। ਜ਼ਿਆਦਾਤਰ ਖਰੀਦ ਮਹਾਰਾਸ਼ਟਰ ਤੋਂ ਕੀਤੀ ਗਈ ਹੈ। ਕੁਲ ਇਕ ਲੱਖ ਟਨ ਖਰੀਦਣ ਦਾ ਟੀਚਾ ਹੈ।’’

ਉਨ੍ਹਾਂ ਕਿਹਾ ਕਿ ਐਨ.ਸੀ.ਸੀ.ਐਫ ਕਿਸਾਨਾਂ ਤੋਂ 2410 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਿੱਧਾ ਪਿਆਜ਼ ਖਰੀਦ ਰਿਹਾ ਹੈ, ਜੋ ਕਿ ਮੌਜੂਦਾ ਥੋਕ ਰੇਟ 1900-2000 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-