ਪਾਕਿਸਤਾਨ ਲਈ ਜਾਸੂਸੀ ਕਰਨ ਦਾ ਮੁਲਜ਼ਮ ਕੋਲਕਾਤਾ ’ਚ ਗ੍ਰਿਫ਼ਤਾਰ
ਕੋਲਕਾਤਾ: ਕੋਲਕਾਤਾ ਪੁਲਿਸ ਨੇ ਪਾਕਿਸਤਾਨ ਲਈ ਕਥਿਤ ਤੌਰ ’ਤੇ ਜਾਸੂਸੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਹਨ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਹੈ।
ਕੋਲਕਾਤਾ ਪੁਲਿਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਹਾਵੜਾ ਜ਼ਿਲ੍ਹੇ ’ਚ ਉਸ ਦੇ ਘਰ ਤੋਂ ਸ਼ੁਕਰਵਾਰ ਨੂੰ ਫੜਿਆ। ਅਧਿਕਾਰੀ ਨੇ ਕਿਹਾ, ‘‘ਉਸ ਨੂੰ ਦੇਸ਼ ਦੀ ਸੁਰਖਿਆ ਲਈ ਘਾਤਕ ਗਤੀਵਿਧੀਆਂ ’ਚ ਸਿੱਧੇ ਤੌਰ ’ਤੇ ਸ਼ਾਮਲ ਪਾਇਆ ਗਿਆ।’’
ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਈ ਘੰਟਿਆਂ ਦੀ ਪੁੱਛ-ਪੜਤਾਲ ਤੋਂ ਬਾਅਦ ਸ਼ੁਕਰਵਾਰ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ, ‘‘ਉਸ ਦੇ ਮੋਬਾਈਲ ਫ਼ੋਨ ਤੋਂ ਤਸਵੀਰਾਂ, ਵੀਡੀਉ ਅਤੇ ਆਨਲਾਈਨ ਚੈਟ (ਸੰਵਾਦ) ਦੇ ਰੂਪ ’ਚ ਖੁਫ਼ੀਆ ਜਾਣਕਾਰੀ ਮਿਲੀ। ਇਹ ਜਾਣਕਾਰੀ ਉਸ ਨੇ ਪਾਕਿਸਤਾਨ ਦੇ ਇਕ ਸ਼ੱਕੀ ਖੁਫ਼ੀਆ ਏਜੰਟ ਨੂੰ ਭੇਜੀ ਸੀ।’’
ਕੋਲਕਾਤਾ ’ਚ ਇਕ ਕੋਰੀਅਰ ਸੇਵਾ ਕੰਪਨੀ ’ਚ ਕੰਮ ਕਰਨ ਵਾਲਾ ਮੁਲਜ਼ਮ ਪਹਿਲਾਂ ਦਿੱਲੀ ’ਚ ਰਹਿੰਦਾ ਸੀ। ਉਸ ਨੇ ਕਿਹਾ ਕਿ ਮੁਲਜ਼ਮ ਨੂੰ ਅੱਜ ਸ਼ਹਿਰ ਦੀ ਇਕ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।