ਫੀਚਰਜ਼ਭਾਰਤ

‘ਸ਼ੋਭਾ ਯਾਤਰਾ’ ਦੇ ਸੱਦੇ ਮਗਰੋਂ ਹਰਿਆਣਾ ’ਚ ਸੁਰਖਿਆ ਸਖ਼ਤ, ਮੁੱਖ ਮੰਤਰੀ ਨੇ ਕਿਹਾ, ‘ਯਾਤਰਾ’ ਦੀ ਬਜਾਏ ਲੋਕ ਮੰਦਰਾਂ ’ਚ ਜਾਣ

ਨੂਹ (ਹਰਿਆਣਾ): ਸਰਬ ਜਾਤ ਹਿੰਦੂ ਮਹਾਪੰਚਾਇਤ ਵਲੋਂ ਸੋਮਵਾਰ ਨੂੰ ‘ਸ਼ੋਭਾ ਯਾਤਰਾ’ ਕੱਢਣ ਦਾ ਸੱਦਾ ਦਿਤੇ ਜਾਣ ਦੇ ਮੱਦੇਨਜ਼ਰ ਹਰਿਆਣਾ ਦੇ ਨੂਹ ਅਤੇ ਹੋਰ ਇਲਾਕਿਆਂ ’ਚ ਸੁਰਖਿਆ ਵਿਵਸਥਾ ਸਖ਼ਤ ਕਰ ਦਿਤੀ ਗਈ ਹੈ।

ਅਧਿਕਾਰੀਆਂ ਵਲੋਂ ਇਜਾਜ਼ਤ ਨਾ ਦਿਤੇ ਜਾਣ ਦੇ ਬਾਵਜੂਦ ਯਾਤਰਾ ਦਾ ਸੱਦਾ ਦਿਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਖ਼ਤ ਨਿਗਰਾਨੀ ਰੱਖਣ ਲਈ ਨੀਮਫ਼ੌਜੀ ਬਲਾਂ ਸਮੇਤ ਸੁਰਖਿਆ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਅੰਤਰਸੂਬਾਈ ਤੇ ਅੰਤਰਜ਼ਿਲ੍ਹਾ ਹੱਦਾਂ ’ਤੇ ਵੀ ਸੁਰਖਿਆ ਸਖ਼ਤ ਕਰ ਦਿਤੀ ਗਈ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੁਝ ਹਫ਼ਤੇ ਪਹਿਲਾਂ ਹੋਈ ਨੂਹ ਹਿੰਸਾ ਦਾ ਜ਼ਿਕਰ ਕਰਦਿਆਂ ਐਤਵਾਰ ਨੂੰ ਪੰਚਕੂਲਾ ’ਚ ਕਿਹਾ ਕਿ ‘ਯਾਤਰਾ’ ਦੀ ਇਜ਼ਾਜ਼ਤ ਨਹੀਂ ਦਿਤੀ ਗਈ ਹੈ।

ਉਨ੍ਹਾਂ ਕਿਹਾ, ‘‘ਯਾਤਰਾ ’ਚ ਹਿੱਸਾ ਲੈਣ ਦੀ ਬਜਾਏ ਲੋਕ ਜਲਾਭਿਸ਼ੇਕ ਲਈ ਆਪੋ-ਅਪਣੇ ਇਲਾਕਿਆਂ ਦੇ ਮੰਦਰਾਂ ’ਚ ਜਾ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਕਾਇਮ ਰਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਾਉਣ ਦੇ ਮਹੀਨੇ ਦਾ ਆਖ਼ਰੀ ਸੋਮਵਾਰ 28 ਅਗੱਸਤ ਨੂੰ ਹੈ।

ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਸ਼ਤਰੂਜੀਤ ਕਪੂਰ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਪ੍ਰਸ਼ਾਸਨ ਨੇ 3 ਤੋਂ 7 ਸਤੰਬਰ ਤਕ ਨੂਹ ’ਚ ਹੋਣ ਵਾਲੀ ਜੀ-20 ਸ਼ੇਰਪਾ ਸਮੂਹ ਦੀ ਬੈਠਕ ਦੇ ਮੱਦੇਨਜ਼ਰ ਅਤੇ 31 ਜੁਲਾਈ ਦੀ ਹਿੰਸਾ ਤੋਂ ਬਾਅਦ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ।

ਸਰਕਾਰ ਨੇ ਸੋਮਵਾਰ ਦੀ ਪ੍ਰਸਤਾਵਿਤ ਯਾਤਰਾ ਤੋਂ ਪਹਿਲਾਂ ਜਾਂ ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ 26 ਅਗੱਸਤ ਤੋਂ 28 ਅਗੱਸਤ ਤਕ ਮੋਬਾਈਲ ਇੰਟਰਨੈਟ ਸੇਵਾ ਨੂੰ ਮੁਅੱਤਲ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਵਿਵਸਥਾ) ਮਮਤਾ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਨੂਹ ਪੁਲਿਸ ਦੇ ਬੁਲਾਰੇ ਅਨੁਸਾਰ ਹਰਿਆਣਾ ਪੁਲਿਸ ਦੇ 1900 ਜਵਾਨਾਂ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 24 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਨੂਹ ’ਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ ਅਤੇ ਜ਼ਿਲ੍ਹੇ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮਲਹਾਰ ਮੰਦਰ ਨੂੰ ਜਾਣ ਵਾਲਾ ਰਸਤਾ ਵੀ ਬੰਦ ਕਰ ਦਿਤਾ ਗਿਆ ਹੈ।

ਬੁਲਾਰੇ ਨੇ ਦਸਿਆ ਕਿ ਕੇ.ਐਮ.ਪੀ. ਐਕਸਪ੍ਰੈਸਵੇਅ ਅਤੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਆਵਾਜਾਈ ਜਾਰੀ ਰਹੇਗੀ। ਅਧਿਕਾਰੀਆਂ ਨੇ ਦਸਿਆ ਕਿ ਨੂਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਤਾ ਅਤੇ ਪੁਲਿਸ ਸੁਪਰਡੈਂਟ ਨਰਿੰਦਰ ਬਿਜਾਰਨੀਆ ਨੇ ਸਨਿਚਰਵਾਰ ਨੂੰ ਸ਼ਾਂਤੀ ਕਮੇਟੀਆਂ ਨਾਲ ਮੀਟਿੰਗ ਕੀਤੀ।
ਕਪੂਰ ਨੇ ਵੀਡੀਉ ਕਾਨਫਰੰਸ ਰਾਹੀਂ ਸਰਹੱਦੀ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਾਲਮੇਲ ਵਾਲੇ ਯਤਨਾਂ ਦੀ ਮੰਗ ਕੀਤੀ। ਮੀਟਿੰਗ ’ਚ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਸਰਬ ਜਾਤ ਹਿੰਦੂ ਮਹਾਪੰਚਾਇਤ ਨੇ ਸੋਮਵਾਰ ਨੂੰ ਨੂਹ ’ਚ ਬ੍ਰਿਜ ਮੰਡਲ ਸ਼ੋਭਾ ਯਾਤਰਾ ਦਾ ਸੱਦਾ ਦਿਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਨੇ ਕਿਹਾ ਹੈ ਕਿ ਯਾਤਰਾ ਕੱਢੀ ਜਾਵੇਗੀ ਅਤੇ ਅਜਿਹੇ ਧਾਰਮਕ ਸਮਾਗਮਾਂ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲੈਣ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ’ਤੇ ਸੋਮਵਾਰ ਨੂੰ ਵਿੱਦਿਅਕ ਅਦਾਰੇ ਅਤੇ ਬੈਂਕਾਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ। ਮੋਬਾਈਲ ਇੰਟਰਨੈਟ ਅਤੇ ‘ਬਲਕ ਐਸ.ਐਮ.ਐਸ.’ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਜ਼ਿਲ੍ਹੇ ’ਚ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ।
ਸਾਵਧਾਨੀ ਦੇ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕੀਤੀ ਹੈ, ਜੋ ਕਿਸੇ ਇਲਾਕੇ ’ਚ ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਂਦੀ ਹੈ। ਇਹ ਹੁਕਮ ਸੋਮਵਾਰ ਤਕ ਲਾਗੂ ਰਹੇਗਾ।

31 ਜੁਲਾਈ ਨੂੰ ਵੀ.ਐਚ.ਪੀ. ਦੀ ਯਾਤਰਾ ’ਤੇ ਭੀੜ ਵਲੋਂ ਹਮਲਾ ਕਰਨ ਤੋਂ ਬਾਅਦ ਨੂਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ’ਚ ਫਿਰਕੂ ਝੜਪਾਂ ’ਚ ਦੋ ਹੋਮ ਗਾਰਡ ਅਤੇ ਇਕ ਇਮਾਮ ਸਮੇਤ ਛੇ ਲੋਕ ਮਾਰੇ ਗਏ ਸਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-