ਪ੍ਰੋਸਟੇਟ ਕੈਂਸਰ ਨੂੰ ਰੋਕਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ ਦਾਲਚੀਨੀ : ਨਵੀਂ ਖੋਜ
ਦਾਲਚੀਨੀ ਦੁਨੀਆਂ ’ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਮਸਾਲਿਆਂ ’ਚੋਂ ਇਕ ਹੈ ਅਤੇ ਇਸ ਦੇ ਕਿਰਿਆਸ਼ੀਲ ਤੱਤ ਪ੍ਰੋਸਟੇਟ ਕੈਂਸਰ ਨੂੰ ਰੋਕਣ ’ਚ ਮਦਦਗਾਰ ਸਾਬਤ ਹੋ ਸਕਦੇ ਹਨ। ਇਕ ਤਾਜ਼ਾ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ।
ਹੈਦਰਾਬਾਦ ਸਥਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰੀਸਰਚ-ਕੌਮੀ ਪੋਸ਼ਣ ਇੰਸਟੀਚਿਊਟ (ਆਈ.ਸੀ.ਐੱਮ.ਆਰ.-ਐੱਨ.ਆਈ.ਐੱਨ.) ਵਲੋਂ ਕਰਵਾਏ ਗਏ ਇਕ ਅਧਿਐਨ ’ਚ ਚੂਹਿਆਂ ਨੂੰ ਦਾਲਚੀਨੀ ਅਤੇ ਇਸ ਦੇ ਕਿਰਿਆਸ਼ੀਲ ਤੱਤ… ਸਿਨਾਮਾਲਿਡਹਾਈਡ ਅਤੇ ਪ੍ਰੋਸਾਈਨੀਡੀਨ ਬੀ2… ਦਿਤੇ ਗਏ ਅਤੇ ਸ਼ੁਰੂਆਤੀ ਪੜਾਅ ਦੇ ਪ੍ਰੋਸਟੇਟ ’ਤੇ ਉਨ੍ਹਾਂ ਦਾ ਅਸਰ ਨਿਰੋਧਾਤਮਕ ਰਿਹਾ।
ਐਨ.ਆਈ.ਐਨ. ਨੇ ਇਕ ਬਿਆਨ ’ਚ ਕਿਹਾ ਕਿ ਇਸ ਅਧਿਐਨ ਦਾ ਉਦੇਸ਼ ਕੈਂਸਰ ਪੀੜਤ ਨਰ ਚੂਹਿਆਂ ’ਤੇ ਦਾਲਚੀਨੀ ਅਤੇ ਇਸ ਦੇ ਕਿਰਿਆਸ਼ੀਲ ਤੱਤਾਂ ਦੇ ਕੀਮੋਪ੍ਰਿਵੈਂਟਿਵ ਅਸਰ ਦਾ ਪਤਾ ਲਗਾਉਣਾ ਸੀ।
ਇਸ ਅਧਿਐਨ ’ਚ ਬਾਲਗ ਚੂਹਿਆਂ ਨੂੰ ਕੈਂਸਰ ਹੋਣ ਤੋਂ ਪਹਿਲਾਂ ਭੋਜਨ ਰਾਹੀਂ ਦਾਲਚੀਨੀ ਅਤੇ ਇਸ ਦੇ ਬਾਇਉਐਕਟਿਵ ਕੰਪੋਨੈਂਟ ਦਿਤੇ ਗਏ ਸਨ। ਚੂਹਿਆਂ ਨੂੰ ਇਹ 16 ਹਫ਼ਤਿਆਂ ਤਕ ਖੁਆਇਆ ਗਿਆ।
ਇਹ ਵੇਖਿਆ ਗਿਆ ਕਿ ਦਾਲਚੀਨੀ ਜਾਂ ਇਸ ਦੇ ਸਰਗਰਮ ਹਿੱਸੇ ਦਾ ਸੇਵਨ ਕਰਨ ਵਾਲੇ 60-70 ਫ਼ੀ ਸਦੀ ਚੂਹਿਆਂ ਦਾ ਪ੍ਰੋਸਟੇਟ ਆਮ ਸੀ।