ਪੰਜਾਬਫੀਚਰਜ਼

‘ਫ਼ੋਰਬਸ’ ਦੀ ਸੂਚੀ ਵਿੱਚ ਸ਼ਾਮਲ ਸਿੱਖ ਨੌਜਵਾਨ ਨੂੰ ਗੁਰੂਗ੍ਰਾਮ ਦੇ ਰੈਸਟੋਰੈਂਟ ਨੇ ਦਾਖ਼ਲਾ ਦੇਣ ਤੋਂ ਕਿਉਂ ਕੀਤਾ ਇਨਕਾਰ?

ਚੰਡੀਗੜ੍ਹ : ਕੋਵਿਡ, ਹੜ੍ਹਾਂ ਆਦਿ ਸਮੇਂ ਲਾਮਿਸਾਲ ਸੇਵਾਵਾਂ ਨਿਭਾਉਣ ਕਰਕੇ ਚਰਚਾ ਵਿੱਚ ਆਈ ਸਮਾਜ ਸੇਵੀ ਸੰਸਥਾ ਹੇਮਕੁੰਟ ਫ਼ਾਊਂਡੇਸ਼ਨ ਦੇ ਡਾਇਰੈਕਟਰ ਅਤੇ ਆਪਣੀਆਂ ਸਮਾਜ ਸੇਵੀ ਸੰਸਥਾਵਾਂ ਲਈ ਵਿਸ਼ਵ ਪ੍ਰਸਿੱਧ ਰਸਾਲੇ ‘ਫ਼ੋਰਬਸ’ ਦੀ 2022 ਦੀ ਅੰਡਰ-30 ਸੂਚੀ ਵਿੱਚ ਥਾਂ ਪ੍ਰਾਪਤ ਕਰਨ ਵਾਲੇ ਅੰਮ੍ਰਿਤਧਾਰੀ ਨੌਜਵਾਨ ਸ: ਹਰਤੀਰਥ ਸਿੰਘ ਆਹਲੂਵਾਲੀਆ ਨੂੰ ਸਨਿਚਰਵਾਰ ਰਾਤ ਗੁਰੂਗ੍ਰਾਮ ਦੇ ਇੱਕ ਰੈਸਟਰੈਂਟ ਵੱਲੋਂ ‘ਐਂਟਰੀ’ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਇੱਥੇ ਹੀ ਬੱਸ ਨਹੀਂ , ਕੁਝ ਲੋਕਾਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਨੌਜਵਾਨ ਨੂੰ ਸਾਥੀਆਂ ਸਣੇ ਰੈਸਟੋਰੈਂਟ ਵਿੱਚ ਦਾਖ਼ਲਾ ਦੇ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਇਕ ਪਾਸੇ ਇੱਕ ਟੇਬਲ ਦੇ ਦਿੱਤਾ ਗਿਆ ਪਰ ਅੱਧੇ ਘੰਟੇ ਤਕ ਕੋਈ ਆਰਡਰ ਲੈਣ ਹੀ ਨਹੀਂ ਆਇਆ ਅਤੇ ਪਾਣੀ ਤਕ ਵੀ ਉਸ ਟੇਬਲ ’ਤੇ ਨਹੀਂ ਰੱਖ਼ਿਆ ਗਿਆ ਜਿਸ ਮਗਰੋਂ ਆਹਲੂਵਾਲੀਆ ਆਪਣੇ ਸਾਥੀਆਂ ਸਣੇ ਰੈਸਟੋਰੈਂਟ ਤੋਂ ਬਾਹਰ ਆ ਗਏ।

ਆਹਲੂਵਾਲੀਆ ਅਨੁਸਾਰ ਗੁਰੂਗ੍ਰਾਮ ਦੇ ਡੀ.ਐਲ.ਐਫ਼. ਫ਼ੇਜ਼ 1 ਵਿੱਚ ਸਥਿਤ ‘ਜਲਸਾ – ਦੀ ਇੰਡੀਅਨ ਐਂਡ ਲੱਦਾਖ਼ੀ ਕਿਚਨ’ ਨਾਂਅ ਦੇ ਇਸ ਰੈਸਟੋਰੈਂਟ ਵਿੱਚ ਉਹ ਪਹਿਲੀ ਵਾਰ ਨਹੀਂ ਗਏ ਸਨ। ਇੱਥੇ ਦੇ ਮੋਮੋ ਉਨ੍ਹਾਂ ਦੇ ਪਸੰਦੀਦਾ ਹਨ, ਇਸ ਲਈ ਉਹ ਉੱਥੇ ਜਾਂਦੇ ਰਹਿੰਦੇ ਹਨ। ਪਰ ਸਨਿਚਰਵਾਰ ਰਾਤ ਜਦ ਉਹ ਰੈਸਟੋਰੈਂਟ ਵਿੱਚ ਦਾਖ਼ਲ ਹੋਣ ਲੱਗੇ ਤਾਂ ਗੇਟ ’ਤੇ ਖੜ੍ਹੇ ਬਾਊਂਸਰ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਉਹ ਕਿਰਪਾਨ ਪਾ ਕੇ ਅੰਦਰ ਨਹੀਂ ਜਾ ਸਕਦੇ।

ਇਸ ’ਤੇ ਉਨ੍ਹਾਂ ਨੇ ਇਸ ਮਾਮਲੇ ਦੀ ਵੀਡੀਉ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਕੋਈ ਵਿਤਕਰਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਾਫ਼ੀ ਵਾਰ ਏਅਰ ਟਰੈਵਲ ਕਰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਉਹ ਭਾਰਤੀ ਕਾਨੂੰਨ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਕਿੱਡੀ ਕ੍ਰਿਪਾਨ ਪਾ ਕੇ ਚੱਲ ਸਕਦੇ ਹਨ। ਉਨ੍ਹਾਂ ਕਿਹਾ ਕਿ 6 ਇੰਚ ਲੰਬੇ ਬਲੇਡ ਅਤੇ ਤਿੰਨ ਇੰਚ ਲੰਬੇ ਬਲੇਡ ਵਾਲੀ ਕ੍ਰਿਪਾਨ ਪਾ ਕੇ ਚੱਲਣ ’ਤੇ ਕਿਤੇ ਵੋੀ ਕੋਈ ਮਨਾਹੀ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਪਾਈ ਕ੍ਰਿਪਾਨ ਇਨ੍ਹਾਂ ਗੱਲਾਂ ’ਤੇ ਖ਼ਰੀ ਉੱਤਰਦੀ ਹੈ ਪਰ ਬੜਾ ਸਮਝਾਉਣ ਦੇ ਬਾਵਜੂਦ ਅਤੇ ਵੀਡੀਉ ਬਣਾਉਣ ਦੇ ਬਾਵਜੂਦ ਵੀ ਪਹਿਲਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਬਾਅਦ ਵਿੱਚ ਰੈਸਟੋਰੈਂਟ ਖ਼ਾਣਾ ਪਰੋਸਣ ਤੋਂ ਹੀ ਇਨਕਾਰੀ ਹੋ ਗਿਆ। ਉਨ੍ਹਾਂ ਕਿਹਾ ਕਿ ਅੰਦਰ ਜਾਣ ਵੀ ਤਾਂ ਹੀ ਦਿੱਤਾ ਗਿਆ ਜਦ ਉਨ੍ਹਾਂ ਦੀ ਸੰਸਥਾ ਦੇ ਕਈ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਆਮ ਲੋਕਾਂ ਨੇ ਵੀ ਇਸ ਨੂੰ ਵਿਤਕਰਾ ਦੱਸਿਆ।

ਹਰਤੀਰਥ ਸਿੰਘ ਆਹਲੂਵਾਲੀਆ ਵੱਲੋਂ ਇਹ ਵੀਡੀਉ ਸੋਸ਼ਲ ਮੀਡੀਆ ‘ਐਕਸ’ ’ਤੇ ਪੋਸਟ ਕਰਨ ਤੋਂ ਬਾਅਦ ਵਾਇਰਲ ਹੋ ਗਈ ਅਤੇ ਰੈਸਟੋਰੈਂਟ ਵੱਲੋਂ ਕੀਤੇ ਇਸ ਵਿਤਕਰੇ ਦੀ ਨਿਖ਼ੇਧੀ ਕੀਤੀ ਜਾ ਰਹੀ ਹੈ।

ਹਰਤੀਰਥ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਗੁਰੂਗ੍ਰਾਮ ਵਰਗੀ ਜਗ੍ਹਾ ’ਤੇ ਵੀ ਇੰਜ ਵਾਪਰਿਆ ਅਤੇ ਇੰਜ ਜਾਪਦਾ ਹੈ ਕਿ ਜਿਵੇਂ ਸ਼ਾਇਦ ਇਹ ਲੋਕ ਸਿੱਖਾਂ ਦੇ ਕਕਾਰਾਂ ਬਾਰੇ ਜਾਗਰੂਕ ਹੀ ਨਾ ਹੋਣ।

ਉਨ੍ਹਾਂ ਕਿਹਾ ਕਿ ਉਹ ਰੈਸਟੋਰੈਂਟ ਦੇ ਇਸ ਵਤੀਰੇ ਦੇ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕਰਨਗੇ ਤਾਂ ਜੋ ਅੱਗੇ ਤੋਂ ਇੰਜ ਕਿਸੇ ਨਾਲ ਵਿਤਕਰਾ ਨਾ ਹੋਵੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁੁਖ਼ਬੀਰ ਸਿੰਘ ਬਾਦਲ ਅਤੇ ਹੋਰ ਕਈ ਸਿੱਖ ਆਗੂਆਂ ਅਤੇ ਸੰਸਥਾਵਾਂ ਨੇ ਰੈਸਟੋਰੈਂਟ ਦੇ ਇਸ ਵਤੀਰੇ ਦੀ ਨਿਖ਼ੇਧੀ ਕੀਤੀ ਹੈ। ਸ: ਸੁਖ਼ਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਾਮਲੇ ਦਾ ਨੋਟਿਸ ਲੈਣ ਲਈ ਕਿਹਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-