ਮੈਗਜ਼ੀਨ

ਪੰਜਾਬ ਦੀ ਧਰਾਤਲ ਅਤੇ ਦਰਿਆ

ਮਨਮੋਹਨ

ਪੰਜਾਬ ਆਰੰਭ ਤੋਂ ਹੀ ਨਾ ਤਾਂ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਭੌਤਿਕ ਅਤੇ ਭੂਗੋਲਿਕ ਦ੍ਰਿਸ਼ਟੀ ਤੋਂ ਇਕਸਾਰ ਤੇ ਇਕਜੁੱਟ ਰਿਹਾ ਹੈ ਅਤੇ ਨਾ ਹੀ ਇਕਰੂਪ। ਵੱਖ ਵੱਖ ਦੌਰਾਂ ਨੇ ਇਸ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਮਾਨਸਿਕ ਅਤੇ ਮਾਨਵੀ ਆਯਾਮ ਉਸਾਰੇ। ਇਸ ਦੇ ਨਾਲ ਹੀ ਭੌਤਿਕ, ਭੂਗੋਲਿਕ ਅਤੇ ਧਰਾਤਲੀ ਬਦਲਾਵਾਂ ਨੇ ਇਸ ਦੇ ਸਹਿਜ, ਸੁਭਾਅ, ਸੋਚ, ਰਹਿਤਲ ਅਤੇ ਜੀਵਨ ਢੰਗ ਤੇ ਸ਼ੈਲੀ ਨੂੰ ਘੜਿਆ।

ਪੰਜਾਬ ਦੀ ਉੱਤਰੀ ਹੱਦ ਦੇ ਨਾਲ ਨਾਲ ਹਿਮਾਲਾ ਪਹਾੜ ਸਥਿਤ ਹੈ ਜੋ ਇਸ ਨੂੰ ਕਸ਼ਮੀਰ ਤੋਂ ਅੱਡ ਕਰਦਾ ਹੈ। ਇਸ ਦੇ ਪੱਛਮ ਅਤੇ ਉੱਤਰ-ਪੱਛਮ ਵਿਚ ਅਫ਼ਗ਼ਾਨਿਸਤਾਨ ਹੈ ਜਿਸ ਨਾਲੋਂ ਇਹ ਸੁਲੇਮਾਨ ਪਹਾੜਾਂ ਰਾਹੀਂ ਵੱਖਰਾ ਹੁੰਦਾ ਹੈ। ਇਸ ਦੀ ਦੱਖਣੀ ਹੱਦ ਰਾਜਪੂਤਾਨੇ ਦੇ ਜੰਗਲਾਂ ਨੂੰ ਛੂੰਹਦੀ ਹੈ। ਭੂਗੋਲਿਕ ਪੱਖੋਂ ਪੰਜਾਬ ਦੀ ਪੂਰਬੀ ਹੱਦ ਨਿਸ਼ਚਿਤ ਨਹੀਂ, ਪਰ ਕਰਨਾਲ ਨੇੜਿਓਂ ਉਸ ਥਾਂ ਤੋਂ ਜਿੱਥੋਂ ਜਮੁਨਾ ਦੱਖਣ-ਪੂਰਬ ਵੱਲ ਮੁੜਦੀ ਹੈ, ਪੰਜਨਦ ਤੱਕ ਇਕ ਦੰਦੇਦਾਰ ਰੇਖਾ ਖਿੱਚੀਂਦੀ ਹੈ ਜੋ ਭਾਰਤ ਦੇ ਬਾਕੀ ਹਿੱਸੇ ਅਤੇ ਸਿੰਧ ਦੇ ਮਾਰੂਥਲ ਤੋਂ ਪੰਜਾਬ ਦੀ ਜ਼ਮੀਨੀ ਹੱਦਬੰਦੀ ਕਰਦੀ ਹੈ।

ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਖਿੱਤੇ ਨੂੰ ਪ੍ਰਾਚੀਨ ਕਾਲ ਵਿਚ ਸਪਤਸਿੰਧੂ ਕਿਹਾ ਜਾਂਦਾ ਸੀ ਜਿਸ ਦਾ ਭਾਵ ਹੈ ਸੱਤ ਦਰਿਆਵਾਂ ਦੀ ਧਰਤੀ। ਇਸ ਦੇ ਆਲੇ-ਦੁਆਲੇ ਹੀ ਸਿੰਧੂ ਘਾਟੀ ਅਤੇ ਹੜੱਪਾ ਸੱਭਿਅਤਾਵਾਂ ਵਿਕਸਿਤ ਹੋਈਆਂ। ਵੇਦਾਂ, ਪੁਰਾਣਾਂ ਅਤੇ ਕਈ ਮਹਾਕਾਵਿ ਵਿਚ ਪੰਜਾਬ ਨੂੰ ਪੰਚਨਦ ਭਾਵ ਪੰਜ ਦਰਿਆਵਾਂ ਦੀ ਧਰਤ ਕਿਹਾ ਗਿਆ। ਇਸ ਖਿੱਤੇ ਨੂੰ ਉਤਰਾਪਥ ਜਾਂ ਉਦੀਚਯ ਵੀ ਕਿਹਾ ਗਿਆ। ਉੱਤਰੀ ਪੱਖ ’ਚ ਸਿੰਧ ਅਤੇ ਗੰਗਾ ਦਰਿਆਵਾਂ ਦੇ ਦੋ ਮੈਦਾਨ ਹਨ। ਇਨ੍ਹਾਂ ਮੈਦਾਨਾਂ ਨੂੰ ਹਿਮਾਲੇ ਵਿਚੋਂ ਨਿਕਲਦੇ ਦਰਿਆ ਸਿੰਜਦੇ ਹਨ। ਪੰਜਾਬ ਵਿਚਲੇ ਦਰਿਆਵਾਂ ਦੇ ਵਹਿਣ ਦੱਖਣ ਪੱਛਮ ਵੱਲ ਹਨ ਅਤੇ ਗੰਗਾ ਦੇ ਮੈਦਾਨ ਦੇ ਦਰਿਆਵਾਂ ਦੇ ਵਹਾਅ ਦੱਖਣ ਪੂਰਬ ਵੱਲ।

ਪੰਜਾਬ ਦੀਆਂ ਦੂਰਾਡੀਆਂ ਭੂਗੋਲਿਕ ਹੱਦਾਂ ਸਿੰਧ ਅਤੇ ਯਮੁਨਾ ਦਰਿਆ ਬਣਦੇ ਹਨ। ਪੰਜ ਦਰਿਆਵਾਂ ਦੀ ਧਰਤ ਨੂੰ ਪੰਚਨਦ ਵੀ ਕਿਹਾ ਗਿਆ। ਇਸ ਦੇ ਹੀ ਫ਼ਾਰਸੀ ਸਰੂਪ ਪੰਜ+ਆਬ ਤੋਂ ਪੰਜਾਬ ਕਿਹਾ ਜਾਣ ਲੱਗਾ। ਪੰਜਾਬ ਭਾਰਤੀ ਉਪ-ਮਹਾਂਦੀਪ ਅਤੇ ਮੱਧ ਏਸ਼ੀਆ ਇਰਾਨ ਵਿਚਕਾਰ ਫੈਲਿਆ ਭੂ-ਭਾਗ ਹੈ ਜਿਸ ਨੂੰ ਹਿਮਾਲਿਆ ਅਤੇ ਹਿੰਦੂਕੁਸ਼ ਦੀਆਂ ਉੱਤਰ-ਪੱਛਮੀ ਲੜੀਆਂ ਵੰਡਦੀਆਂ ਹਨ। ਇਨ੍ਹਾਂ ਨਾਲ ਲੱਗਦੇ ਪਰਬਤਾਂ, ਘਾਟੀਆਂ-ਵਾਦੀਆਂ ਅਤੇ ਮਾਰੂਥਲਾਂ ਦਾ ਵਿਸ਼ਾਲ ਇਲਾਕਾ ਪੰਜ ਦਰਿਆਵਾਂ ਦੇ ਪਾਣੀਆਂ ਨਾਲ ਸਿੰਜਿਆ ਜਾਂਦਾ ਹੈ। ਇਸ ਦੀ ਮਿੱਟੀ ਜ਼ਰਖ਼ੇਜ਼ ਹੈ ਕਿਉਂਕਿ ਨਾ ਇਹ ਪਥਰੀਲੀ, ਨਾ ਬੰਜਰ, ਨਾ ਰੱਕੜ ਅਤੇ ਨਾ ਰੇਤਲੀ ਤੇ ਮਾਰੂਥਲੀ ਹੈ। ਇਸ ਦੀ ਭੂਗੋਲਿਕ ਸਥਿਤੀ ਕਾਰਨ ਇਹ ਵਿਸ਼ਾਲ ਜੰਗਲਾਂ, ਬਨਸਪਤੀਆਂ, ਚਰਾਗਾਹਾਂ ਅਤੇ ਵਾਹੀਯੋਗ ਮੈਦਾਨਾਂ ਨਾਲ ਭਰਪੂਰ ਹੈ। ਪਹਾੜਾਂ ਅਤੇ ਮਾਰੂਥਲਾਂ ਵਿਚਾਲੇ ਸਥਿਤ ਹੋਣ ਕਾਰਨ ਮੌਨਸੂਨ ਹਵਾਵਾਂ ਕਰਕੇ ਇਸ ਦਾ ਛੇ ਰੁੱਤਾਂ ’ਤੇ ਆਧਾਰਿਤ ਜਲਵਾਯੂ ਵਾਹੀ-ਖੇਤੀ ਲਈ ਬੜਾ ਮੁਆਫ਼ਕ ਹੈ। ਇਹ ਵਿਸ਼ਾਲ ਮੈਦਾਨਾਂ, ਜੰਗਲਾਂ, ਬੇਲਿਆਂ, ਚਰਾਗਾਹਾਂ ਅਤੇ ਦਰਿਆਈ ਪਾਣੀਆਂ ਦਾ ਖ਼ਜ਼ਾਨਾ ਹੋਣ ਕਾਰਨ ਪਿਛਲੇ ਪੰਜ ਹਜ਼ਾਰ ਤੋਂ ਵੀ ਵੱਧ ਸਮੇਂ ਤੋਂ ਵਿਕਸਤ ਮਾਨਵੀ ਸੱਭਿਅਤਾਵਾਂ ਦਾ ਪੰਘੂੜਾ ਰਿਹਾ ਹੈ।

ਪੰਜਾਬ ਦੇ ਪੰਜ ਦਰਿਆ ਉੱਤਰ ’ਚ ਸਥਿਤ ਹਿਮਾਲਿਆ ’ਚੋਂ ਨਿਕਲ ਦੱਖਣ ਪੱਛਮ ਵੱਲ ਵਹਿੰਦੇ ਹਨ। ਇਨ੍ਹਾਂ ਪੰਜ ਦਰਿਆਵਾਂ (ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜਿਹਲਮ) ਕਾਰਨ ਹੀ ਇਸ ਨੂੰ ਪੰਜ ਪਾਣੀਆਂ ਦੀ ਧਰਤ ਆਖਦੇ ਹਨ। ਸਪਤਸਿੰਧੂ ਦੇ ਦਰਿਆਵਾਂ ਵਿਚੋਂ ਸਿੰਧ ਦਰਿਆ ਸਭ ਤੋਂ ਵੱਡਾ ਸੀ। ਇਹ ਮਾਨਸਰੋਵਰ ਝੀਲ ’ਚੋਂ ਨਿਕਲ ਬੱਤੀ ਸੌ ਕਿਲੋਮੀਟਰ ਦਾ ਪੰਧ ਤੈਅ ਕਰਦਿਆਂ ਅਰਬ ਸਾਗਰ ਵਿਚ ਸਮਾਅ ਜਾਂਦਾ। ਬਾਕੀ ਦੇ ਛੇ ਦਰਿਆ ਇਸ ਵਿਚ ਸਮਾਉਂਦੇ ਸਨ।

ਸਤਲੁਜ ਵੀ ਮਾਨਸਰੋਵਰ ਝੀਲ ਵਿਚੋਂ ਨਿਕਲ ਸ਼ਿਪਕੀ-ਲਾ ਰਾਹੀਂ ਉੱਤਰ ਤੋਂ ਲਹਿੰਦੇ ਵੱਲ ਵਗਦਾ ਹੋਇਆ ਪੰਦਰਾਂ ਸੌ ਕਿਲੋਮੀਟਰ ਦਾ ਰਸਤਾ ਤੈਅ ਕਰਦਾ ਹੈ। ਹਜ਼ਾਰ ਸਾਲ ਪਹਿਲਾਂ ਇਹ ਹਕਰਾ ਜਾਂ ਘੱਗਰ ਦਾ ਸਹਾਇਕ ਦਰਿਆ ਹੁੰਦਾ ਸੀ। ਪੰਜਾਬ ਵਿਚ ਹਰੀਕੇ ਪੱਤਣ ’ਤੇ ਬਿਆਸ ’ਚ ਜਾ ਮਿਲਦਾ ਹੈ। ਬਾਅਦ ਵਿਚ ਇਹ ਦੋਵੇਂ ਉੱਚ ਸ਼ਰੀਫ਼ ਨੇੜੇ ਚਨਾਬ ਵਿਚ ਮਿਲ ਜਾਂਦੇ ਹਨ ਜਿਸ ਨੂੰ ਸੱਤਦੁਰੀ, ਸ਼ਤੁੱਦਰੂ, ਜ਼ਾਰਾਦਰੋਸ, ਹੈਸੀਦਰੁਸ ਕਿਹਾ ਜਾਂਦਾ ਹੈ।

ਬਿਆਸ ਦਰਿਆ ਰੋਹਤਾਂਗ ਦੱਰੇ ’ਚੋਂ ਨਿਕਲ ਤਕਰੀਬਨ ਚਾਰ ਸੌ ਸੱਤਰ ਕਿਲੋਮੀਟਰ ਦਾ ਸਫ਼ਰ ਕਰ ਹਰੀਕੇ ਪੱਤਣ ’ਚ ਸਤਲੁਜ ਨਾਲ ਮਿਲ ਜਾਂਦਾ ਹੈ। ਇਸ ਨੂੰ ਵਿਪਾਸਾ ਵੀ ਕਿਹਾ ਜਾਂਦਾ ਜਿਸ ਦਾ ਅਰਥ ਹੈ ਬੰਦ ਖ਼ਲਾਸ ਹੋਣਾ। ਇਸ ਦੇ ਹੋਰ ਨਾਮ ਹਨ: ਵਿਪਾਸ਼, ਅਰਜਿਕੇਯ, ਹਾਇਪਾਸ਼ਿਸ਼। ਇਸ ਨਾਲ ਰਿਸ਼ੀ ਵਿਸ਼ਵਾਮਿੱਤਰ ਅਤੇ ਵਿਸ਼ਿਸ਼ਟ ਰਿਸ਼ੀ ਦੀ ਪੌਰਾਣਿਕ ਕਥਾ ਜੁੜੀ ਹੋਈ ਹੈ।

ਚਨਾਬ ਦਾ ਵੈਦਿਕ ਨਾਮ ਅਸਕਿਨੀ ਜਾਂ ਚੰਦਰਭਾਗ ਹੈ। ਇਸ ਨੂੰ ਪ੍ਰੀਤ ਦਾ ਦਰਿਆ ਝਨਾਂ ਵੀ ਕਿਹਾ ਜਾਂਦਾ ਹੈ। ਮਹੀਂਵਾਲ ਨੂੰ ਮਿਲਣ ਜਾਂਦੀ ਸੋਹਣੀ ਇਸ ’ਚ ਕੱਚੇ ਘੜੇ ’ਤੇ ਤਰਦੀ ਡੁੱਬ ਮੋਈ ਸੀ। ਲਾਹੌਲ-ਸਪਿਤੀ ਤੋਂ ਆਰੰਭ ਹੋ ਕੇ ਜੰਮੂ ਹੁੰਦਾ ਹੋਇਆ ਨੌਂ ਸੌ ਸੱਠ ਕਿਲੋਮੀਟਰ ਦਾ ਸਫ਼ਰ ਕਰਦਿਆਂ ਤ੍ਰਿਮੂ ਵਿਖੇ ਜਿਹਲਮ ਨਾਲ ਜਾ ਮਿਲਦਾ ਹੈ। ਫਿਰ ਇਹ ਰਾਵੀ ਨਾਲ ਜੁੜ ਉੱਚ ਸ਼ਰੀਫ਼ ਵਿਖੇ ਸਤਲੁਜ ਨਾਲ ਮਿਲ ਜਾਂਦਾ ਹੈ।

ਜਿਹਲਮ ਦਾ ਵੈਦਿਕ ਗ੍ਰੰਥਾਂ ਅਨੁਸਾਰ ਪੁਰਾਤਨ ਨਾਮ ਵਿਤਸਤਾ ਹੈ। ਇਸ ਦਾ ਪ੍ਰਗਟ ਅਸਥਾਨ ਵੈਰੀਨਾਗ ਝੀਲ ਹੈ। ਇਹ ਦਰਿਆ ਪੱਛਮ ਵੱਲ ਵਗਦਾ, ਪੀਰ ਪੰਜਾਲ ਨੂੰ ਪਾਰ ਕਰਦਾ ਸੱਤ ਸੌ ਪੰਝੀ ਕਿਲੋਮੀਟਰ ਦਾ ਸਫ਼ਰ ਕਰ ਝੰਗ ’ਚ ਭ੍ਰਿਗੂ ਦੇ ਨੇੜੇ ਚਨਾਬ ’ਚ ਜਾ ਮਿਲਦਾ ਹੈ। ਜਿਹਲਮ ਦਾ ਇਤਿਹਾਸਕ ਮਹੱਤਵ ਇਹ ਹੈ ਕਿ ਸਿਕੰਦਰ ਨੂੰ ਪੋਰਸ ਨੇ 325 ਈਸਾ ਪੂਰਵ ਜਿਹਲਮ ਕਿਨਾਰੇ ਹੀ ਡੱਕਿਆ ਸੀ।

ਸਰਸਵਤੀ ਦਾ ਭਾਰਤੀ ਸਨਾਤਨੀ ਗ੍ਰੰਥਾਂ ਵਿਚ ਪ੍ਰਸੰਗ ਕਈ ਵਾਰ ਆਉਂਦਾ ਹੈ। ਇਸ ਨੂੰ ਆਰਿਆਵਰਤ ਸੱਭਿਅਤਾ ਦੀ ਜਨਨੀ ਵੀ ਕਿਹਾ ਜਾਂਦਾ ਹੈ, ਪਰ ਇਹ ਨਦੀ ਅੱਜ ਲੋਪ ਹੋ ਚੁੱਕੀ ਹੈ। ਰਿਗਵੇਦ, ਤਾਂਡਯ ਅਤੇ ਜੈਮਿਨੀਯ ਬ੍ਰਾਹਮਣ ਦੇ ਸੰਦਰਭਾਂ ਦੇ ਆਧਾਰ ’ਤੇ ਭੂ-ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰਿਆਣਾ ਅਤੇ ਰਾਜਸਥਾਨ ਹੋ ਕੇ ਵਹਿਣ ਵਾਲੀ ਮੌਜੂਦਾ ਸੁੱਕੀ ਹੋਈ ਘੱਗਰ-ਹਕਰਾ ਹੀ ਪ੍ਰਾਚੀਨ ਸਰਸਵਤੀ ਦੀ ਸਹਾਇਕ ਨਦੀ ਸੀ। ਉਸ ਸਮੇਂ ਸਤਲੁਜ ਅਤੇ ਯਮੁਨਾ ਦੀਆਂ ਕੁਝ ਧਾਰਾਵਾਂ ਸਰਸਵਤੀ ’ਚ ਆ ਕੇ ਸਮਾਉਂਦੀਆਂ ਸਨ। ਜਲਵਾਯੂ ਅਤੇ ਧਰਾਤਲੀ ਤਬਦੀਲੀਆਂ ਨੇ ਦਰਿਆਵਾਂ ਦੇ ਵਹਾਅ ’ਚ ਕਈ ਪਰਿਵਰਤਨ ਲਿਆਂਦੇ। ਸਰਸਵਤੀ ਕੈਲਾਸ਼ ਪਰਬਤ ਦੇ ਪੱਛਮ ਵਿਚ ਹਿਮਾਲਾ ’ਚ ਕਪਾਲ ਤੀਰਥ ਤੋਂ ਨਿਕਲ ਦੱਖਣ ਵਿਚ ਮਾਨਸਰੋਵਰ ਵੱਲ ਵਹਿ ਕੇ ਪੱਛਮ ਵੱਲ ਮੁੜ ਜਾਂਦੀ ਸੀ। ਅੱਜ ਵੀ ਸਰਸਵਤੀ ਬਦਰੀਨਾਥ ਦੇ ਅੰਤਿਮ ਪਿੰਡ ਮਾਣਾ ਦੱਰੇ ਦੇ ਦੱਖਣ ਤੋਂ ਵਹਿੰਦੀ ਹੋਈ ਮਾਣਾ ਤੋਂ ਤਿੰਨ ਕਿਲੋਮੀਟਰ ਦੂਰ ਅਲਕਨੰਦਾ ’ਚ ਮਿਲ ਜਾਂਦੀ ਹੈ। ਉੱਥੋਂ ਇਹ ਤਲਹੱਟੀ ਦੇ ਬਲਚਾਪਰ ਦੇ ਇਲਾਕੇ ’ਚ ਉਤਰ ਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਰਾਹੀਂ ਲੰਘ ਕੇ ਅਰਬ ਸਾਗਰ ’ਚ ਸਮਾ ਜਾਂਦੀ ਸੀ। ਇਸ ਲੰਮੇ ਪੰਧ ਵਿਚ ਸ਼ਤਦਰੂ/ਸਤਲੁਜ, ਦ੍ਰਿਸ਼ਾਵਤੀ/ਯਮੁਨਾ ਇਸ ਦੀਆਂ ਸਹਾਇਕ ਨਦੀਆਂ ਸਨ। ਇਹ ਇਕ ਵਹਿਣ ਦੇ ਨਾਲ ਨਾਲ ਵਹਿੰਦੀ ਸੀ ਜਿਸ ਨੂੰ ਪੰਜਾਬ ਵਿਚ ਘੱਗਰ, ਰਾਜਸਥਾਨ ’ਚ ਹਕਰਾ ਅਤੇ ਗੁਜਰਾਤ ਵਿਚ ਨਾਰਾ ਕਿਹਾ ਜਾਂਦਾ ਸੀ। ਇਸ ਨੂੰ ਹੰਕਰਾ ਜਾਂ ਵਹਿੰਦਾਹ ਵੀ ਪੁਕਾਰਿਆ ਜਾਂਦਾ ਰਿਹਾ ਹੈ। ਇੰਝ ਸਰਸਵਤੀ ਦੇ ਉਪਰਲੇ ਭਾਗ ਨੂੰ ਘੱਗਰ ਅਤੇ ਨਿਚਲੇ ਭਾਗ ਨੂੰ ਹਕਰਾ ਕਿਹਾ ਜਾਂਦਾ ਸੀ।

ਸਰਸਵਤੀ ਦਾ ਪਤਨ ਪੰਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ ਜੋ ਬਾਰਾਮਾਹੀ ਤੋਂ ਬਰਸਾਤੀ ਹੁੰਦੀ ਹੋਈ ਅੰਤ ਨਿਕਾਸੂ ਬਣ ਸੁੱਕ ਹੀ ਗਈ। ਹਰਿਆਣਾ ਦੇ ਕੁਰੂਕਸ਼ੇਤਰ ਅਤੇ ਪਿਹੋਵਾ ਵਿਚ ਇਸ ਦੇ ਕੁਝ ਨਿਸ਼ਾਨ ਅੱਜ ਵੀ ਮੌਜੂਦ ਹਨ।

ਦਰਿਆਵਾਂ ਦੇ ਵਹਿਣ ਸਦੀਆਂ ਤੋਂ ਨਿਰੰਤਰ ਬਦਲਦੇ ਰਹੇ ਹਨ। ਸਮੁੱਚੇ ਸਪਤਸਿੰਧੂ ਦੇ ਇਲਾਕੇ ’ਚ ਪਹਾੜਾਂ ਅਤੇ ਮੈਦਾਨਾਂ ’ਚ ਬੁਨਿਆਦੀ ਬਦਲਾਅ ਆਉਂਦੇ ਰਹੇ ਹਨ। ਧਰਤੀ ਹੇਠਲੀਆਂ ਟੈਕਟੋਨਿਕ ਪਲੇਟਾਂ ’ਚ ਵਾਪਰਦੀ ਹਿਲਜੁਲ ਕਾਰਨ ਪਰਿਵਰਤਨ, ਭੂ-ਭਾਗਾਂ ਦੇ ਬਣਨ-ਬਿਨਸਣ ਅਤੇ ਦਰਿਆਵਾਂ ਦੇ ਹੜ੍ਹਾਂ ਕਾਰਨ ਲੱਗਣ ਵਾਲੀ ਢਾਹ ਕਾਰਨ ਜਲੌੜ ਵਿਚ ਵੀ ਹੇਰ-ਫੇਰ ਵਾਪਰਦੇ ਰਹੇ ਹਨ। ਜਲੌੜ ਮਿੱਟੀ ਦੀਆਂ ਢਲਾਣਾਂ ਸਪਤਸਿੰਧੂ ਮੈਦਾਨ ਦੇ ਮਹੱਤਵਪੂਰਨ ਅੰਗ ਹਨ। ਜਦੋਂ ਵੀ ਕੋਈ ਵੱਡਾ ਦਰਿਆ ਆਪਣਾ ਵਹਿਣ ਬਦਲਦਾ ਹੈ ਤਾਂ ਆਪਣੇ ਪਿੱਛੇ ਢਾਲਾਂ ਛੱਡ ਜਾਂਦਾ ਹੈ। ਇਨ੍ਹਾਂ ਜਲੌੜਾਂ ਦੀ ਮਿੱਟੀ ਦੇ ਰੰਗਾਂ ਤੋਂ ਇਸ ਦੇ ਭੂ-ਤਲ ਦੀ ਉਮਰ ਅਤੇ ਫੈਲਾਅ ਨੂੰ ਦੇਖਿਆ ਸਮਝਿਆ ਜਾ ਸਕਦਾ ਹੈ।

ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੁਆਬ ਕਹਿੰਦੇ ਹਨ। ਦੁਆਬ ਸ਼ਬਦ ਦੋ-ਆਬ ਤੋਂ ਬਣਿਆ ਹੈ। ਇਸ ਦਾ ਅਰਥ ਹੈ ਦੋ ਪਾਣੀ ਜਾਂ ਦੋ ਦਰਿਆ। ਪੰਜਾਬ ਵਿਚ ਵਹਿੰਦੇ ਦਰਿਆ ਇਸ ਨੂੰ ਕਈ ਦੁਆਬਿਆਂ ਵਿਚ ਵੰਡਦੇ ਹਨ। ਇਹ ਪ੍ਰਮੁੱਖ ਰੂਪ ਵਿਚ ਪੰਜ ਹਨ। ਉਨ੍ਹਾਂ ਦਰਿਆਵਾਂ ਦੇ ਨਾਵਾਂ ਦੇ ਪਹਿਲੇ ਦੋ ਅੱਖਰਾਂ ਨੂੰ ਜੋੜ ਕੇ ਸਮਾਸੀ ਰੂਪ ’ਚ ਇਨ੍ਹਾਂ ਦੇ ਨਾਮ ਘੜੇ ਗਏ ਹਨ। ਬਿਸਤ ਦੁਆਬ ਉਹ ਇਲਾਕਾ ਹੈ ਜੋ ਬਿਆਸ ਤੇ ਸਤਲੁਜ ਦਰਮਿਆਨ ਮੌਜੂਦ ਹੈ। ਬਿਆਸ ਦਾ ‘ਬਿ’ ਅਤੇ ਸਤਲੁਜ ਦਾ ‘ਸਤ’ ਲੈ ਕੇ ਬਿਸਤ ਦੁਆਬ ਬਣ ਗਿਆ। ਬਾਰੀ ਦੁਆਬ ਬਿਆਸ ਤੇ ਰਾਵੀ ਵਿਚਕਾਰਲਾ ਇਲਾਕਾ ਹੈ। ਰਚਨਾ ਦੁਆਬ ਰਾਵੀ ਅਤੇ ਚਨਾਬ ਦਾ ਵਿਚਕਾਰਲਾ ਇਲਾਕਾ ਹੈ। ਚੱਜ ਦੁਆਬ ਚਨਾਬ ਅਤੇ ਜਿਹਲਮ ਦੇ ਦਰਮਿਆਨ ਦੇ ਇਲਾਕੇ ਨੂੰ ਕਹਿੰਦੇ ਹਨ। ਸਿੰਧ ਸਾਗਰ ਦੁਆਬ ਜਿਹਲਮ ਅਤੇ ਸਿੰਧ ਦੇ ਵਿਚਕਾਰਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਪੰਜਾਂ ਦੁਆਬਿਆਂ ’ਚੋਂ ਬਿਸਤ ਦੁਆਬ ਅਤੇ ਬਾਰੀ ਦੁਆਬ ਦਾ ਕੁਝ ਹਿੱਸਾ ਚੜ੍ਹਦੇ ਪੰਜਾਬ ਵਿਚ ਅਤੇ ਬਾਕੀ ਸਾਰੇ ਦੁਆਬ ਲਹਿੰਦੇ ਪੰਜਾਬ ਵਿਚ ਪੈਂਦੇ ਹਨ।

ਪੰਜਾਬ ਦੇ ਮੈਦਾਨਾਂ ਦੀ ਧਰਾਤਲ ਦੀ ਬਣਤਰ ਨੂੰ ਸਮਝਣ ਲਈ ਯਮੁਨਾ ਅਤੇ ਜਿਹਲਮ ਵਿਚਕਾਰ ਦੇ ਸਾਰੇ ਇਲਾਕੇ ਨੂੰ ਦਰਿਆਵਾਂ ਦੇ ਵਹਾਅ ਅਨੁਸਾਰ ਚਾਰ ਵਰਗਾਂ ਵਿਚ ਵੰਡਿਆ ਜਾਂਦਾ ਹੈ। ਦਰਿਆ ਦੇ ਵਹਿਣ ਦੇ ਨਾਲ ਲੱਗਦੇ ਖੇਤਰ ਨੂੰ ‘ਸਲਾਬ੍ਹਾ’ ਜਾਂ ‘ਕੱਚਾ’ ਕਿਹਾ ਜਾਂਦਾ ਹੈ ਕਿਉਂਕਿ ਇਹ ਸਦਾ ਹੜ੍ਹਾਂ ਦੀ ਮਾਰ ਹੇਠ ਰਹਿਣ ਵਾਲਾ ਇਲਾਕਾ ਹੁੰਦਾ ਹੈ। ਇਸ ਦੇ ਨਾਲ ਲੱਗਦੇ ਉੱਚੇ/ਉਪਰਲੇ ਹਿੱਸੇ ਨੂੰ ‘ਢਯਾ’ ਜਾਂ ‘ਖਾਦਿਰ’ ਕਿਹਾ ਜਾਂਦਾ ਹੈ। ਇਹ ਮੁਕਾਬਲਤਨ ਨੀਵਾਂ ਇਲਾਕਾ ਹੁੰਦਾ ਹੈ। ਇਸ ਵਿਚ ਕਈ ਵਾਰ ਪੁਰਾਣੇ ਵਹਿਣਾਂ ਅਤੇ ਪਾਣੀ ਦੇ ਜ਼ੋਰ ਕਾਰਨ ਤੁਗਿਆਨੀਆਂ/ਕਾਂਗਾਂ ਆ ਜਾਂਦੀਆਂ ਹਨ ਜਿਨ੍ਹਾਂ ਦੀ ਮਾਰ ਹੜ੍ਹਾਂ ਤੋਂ ਜ਼ਰਾ ਨਰਮ ਹੁੰਦੀ ਹੈ। ਇਸ ਤੋਂ ਪਰ੍ਹਾਂ ਉੱਚੀ ਥਾਂ ਆ ਜਾਂਦੀ ਹੈ ਜੋ ਹੜ੍ਹਾਂ ਕਾਰਨ ਇੱਕਤਰ ਹੋਈ ਮਿੱਟੀ ਦੀ ਬਣੀ ਹੁੰਦੀ ਹੈ। ਇਸ ਕਾਰਨ ਇਸ ਨੂੰ ਜਲੌੜ ਕਹਿੰਦੇ ਹਨ। ਜਲੌੜਾਂ ਦੇ ਨਾਲ ਲੱਗਦੇ ਭੂਤਲਾਂ ਨੂੰ ਬਾਂਗਰ ਜਾਂ ਮਾਝਾ ਕਿਹਾ ਜਾਂਦਾ ਹੈ। ਇਸ ਤੋਂ ਹੋਰ ਉਪਰਲੇ ਟਿੱਬਿਆਂ ਵਾਲੇ ਮੈਦਾਨਾਂ ਨੂੰ ਬਾਰਾਂ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਮਿੱਟੀ ਦਾ ਸੁਭਾਅ ਰੇਤੀਲਾ ਅਤੇ ਸ਼ੋਰੇ ਵਾਲਾ ਹੁੰਦਾ ਹੈ।

ਯਮੁਨਾ ਅਤੇ ਘੱਗਰ ਦਰਿਆਵਾਂ ਦੇ ਦੱਖਣੀ ਅਤੇ ਦੱਖਣ-ਪੱਛਮੀ ਵਹਿਣਾਂ ਰਾਹੀਂ ਹੜ੍ਹਾਂ ਦੀ ਮਾਰ ਕਾਰਨ ਜਲੌੜੀ ਮੈਦਾਨਾਂ ਦਾ ਨਿਰਮਾਣ ਅਤੇ ਸੋਕੇ ਕਾਰਨ ਮਾਰੂਥਲੀ ਪਾਸਾਰਾਂ ਦਾ ਫੈਲਾਅ ਇਸ ਦਰਿਆਈ ਸਿਸਟਮ ਦੇ ਸੁਭਾਅ ਨੂੰ ਦੱਸਦਾ ਹੈ। ਸ਼ਿਵਾਲਿਕ ਦੇ ਪਹਾੜਾਂ ’ਚੋਂ ਉਤਰਨ ਵਾਲੇ ਯਮੁਨਾ-ਸਤਲੁਜ ਦਰਿਆਵਾਂ ਦੇ ਦੁਆਬ ਵਿਚ ਪੁਰਾਤਨ ਜਲੌੜ ਮਿੱਟੀ ਤੋਂ ਬਣਿਆ ਬਾਂਗਰ ਦਾ ਇਲਾਕਾ ਇਨ੍ਹਾਂ ਦਰਿਆਵਾਂ ਦੇ ਵਹਿਣ ਦੀ ਨਿਸ਼ਾਨਦੇਹੀ ਕਰਦਾ ਹੈ। ਘੱਗਰ-ਹਕਰਾ ਦੇ ਪੁਰਾਣੇ ਵਹਿਣ ਕਾਰਨ ਬਣਿਆ ਬਾਂਗਰ ਮੈਦਾਨ ਨਵ-ਨਿਰਮਤ ਖਾਦਿਰ ਇਲਾਕਿਆਂ ਤੋਂ ਮਿੱਟੀ ਦੇ ਸੁਭਾਅ ਅਤੇ ਰੰਗ ਕਾਰਨ ਵੱਖਰਾ ਦਿਖਾਈ ਦਿੰਦਾ ਹੈ। ਬਿਸਤ, ਬਾਰੀ ਅਤੇ ਰਚਨਾ ਦੁਆਬਿਆਂ ਵੱਲ ਵਧਦਿਆਂ ਪੁਰਾਣੇ ਵਹਿਣਾਂ ਦੇ ਨਕਸ਼ ਢਯਾਂ ਤੋਂ ਹੇਠਾਂ ਖਾਦਿਰਾਂ ਵਿਚ ਦਿਖਾਈ ਦਿੰਦੇ ਹਨ।

ਪੰਜਾਬ ਦੇ ਤਿੰਨ ਦਰਿਆਵਾਂ ’ਤੇ ਡੈਮ ਉਸਾਰ ਕੇ ਨਹਿਰਾਂ ਕੱਢੀਆਂ ਗਈਆਂ ਤੇ ਬਿਜਲੀ ਦਾ ਉਤਪਾਦਨ ਕੀਤਾ ਗਿਆ। ਸਤਲੁਜ ’ਤੇ ਭਾਖੜਾ ਡੈਮ ਉਸਾਰਿਆ ਗਿਆ ਜਿਸ ਵਿਚੋਂ 174 ਕਿਲੋਮੀਟਰ ਲੰਮੀ ਭਾਖੜਾ ਮੇਨ ਨਹਿਰ ਕੱਢੀ ਗਈ। ਬਿਆਸ ’ਤੇ ਪੌਂਗ ਡੈਮ ਉਸਾਰਿਆ ਗਿਆ। ਰਾਵੀ ਦਰਿਆ ’ਤੇ ਥੀਨ ਡੈਮ ਉਸਾਰਿਆ ਗਿਆ ਜਿਸ ਵਿਚੋਂ ਰਾਵੀ ਨਹਿਰ ਨੂੰ ਚਾਰ ਪੜਾਵਾਂ ਵਿਚ ਕੱਢਿਆ ਗਿਆ। ਇਨ੍ਹਾਂ ਮੁੱਖ ਦਰਿਆਵਾਂ ਨੂੰ ਬੰਨ੍ਹਣ ਨਾਲ ਪੰਜਾਬ ’ਚ ਨਾ ਸਿਰਫ਼ ਹੜ੍ਹਾਂ ਦੀ ਰੋਕਥਾਮ ਹੋਈ ਸਗੋਂ ਨਹਿਰਾਂ ਦੇ ਵਿਛੇ ਵਿਸ਼ਾਲ ਜਾਲ ਨਾਲ ਪੰਜਾਬ ਦੇ ਨਾਲ ਨਾਲ ਗੁਆਂਢੀ ਸੂਬਿਆਂ ਰਾਜਸਥਾਨ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ ਆਦਿ ਨੂੰ ਸਿੰਚਾਈ ਸਹੂਲਤਾਂ ਵੀ ਮੁਹੱਈਆਂ ਕਰਵਾਈਆਂ ਗਈਆਂ। ਘੱਗਰ ’ਤੇ ਵੀ ਕਿਸੇ ਸਮੇਂ ਮੋਰਨੀ ਪਹਾੜੀਆਂ ’ਚ ਡੈਮ ਉਸਾਰਨ ਦਾ ਪ੍ਰਸਤਾਵ ਸੀ। ਹੁਣ ਇਹ ਡੈਮ ਸਿਰਫ਼ ਸੁਪਨਾ ਬਣ ਕੇ ਰਹਿ ਗਿਆ ਹੈ ਕਿਉਂਕਿ ਮੋਰਨੀ ਪਹਾੜੀਆਂ ’ਚ ਨਵੀਂ ਸ਼ਹਿਰੀ ਵੱਸੋਂ ’ਚ ਬਹੁਤ ਇਜ਼ਾਫ਼ਾ ਹੋ ਗਿਆ ਹੈ। ਕੁਝ ਵਰ੍ਹੇ ਪਹਿਲਾਂ ਬਣੇ ਕੁਸ਼ਲਿਆ ਡੈਮ ਨਾਲ ਵੀ ਘੱਗਰ ’ਚ ਆਉਂਦੇ ਹੜ੍ਹਾਂ ਕਾਰਨ ਹੁੰਦੀ ਤਬਾਹੀ ਰੁਕ ਨਹੀਂ ਸਕਦੀ ਕਿਉਂਕਿ ਇਸ ਦੀ ਝੀਲ ਦੀ ਸਮਰੱਥਾ ਘੱਟ ਹੈ।

ਜੇਕਰ ਦੇਖਿਆ ਜਾਵੇ ਤਾਂ ਪੱਛਮ ਵੱਲੋਂ ਉੱਜ ਤੋਂ ਲੈ ਕੇ ਪੂਰਬ ’ਚ ਸੁਹਾਂ ਤੱਕ ਲਗਪਗ ਚਾਲ੍ਹੀ ਛੋਟੀਆਂ ਨਦੀਆਂ, ਨਾਲ਼ੇ, ਚੋਅ ਅਤੇ ਨਿਕਾਸੂ ਹਨ ਜਿਨ੍ਹਾਂ ’ਚ ਭਾਰੀ ਬਰਸਾਤਾਂ ਦੌਰਾਨ ਹੜ੍ਹਾਂ ਦੀ ਵੱਡੀ ਸੰਭਾਵਨਾ ਬਣੀ ਰਹਿੰਦੀ ਹੈ। ਇਨ੍ਹਾਂ ਦੇ ਪਾਣੀਆਂ ਨੂੰ ਬੰਨ੍ਹਣ, ਸਾਂਭ-ਸੰਭਾਲ ਅਤੇ ਨਹਿਰਾਂ ਬਣਾਉਣ ਦੀ ਵੱਡੀ ਜ਼ਰੂਰਤ ਹੈ। ਜੇਕਰ ਪੰਜਾਬ ’ਚ ਹੜ੍ਹਾਂ ਦੀ ਰੋਕਥਾਮ ਕਰਨੀ ਹੈ ਤਾਂ ਮੁੱਖ ਦਰਿਆਵਾਂ ਦੇ ਧੁੱਸੀ ਬੰਨ੍ਹਾਂ, ਇਨ੍ਹਾਂ ਤੋਂ ਨਿਕਲੀਆਂ ਨਹਿਰਾਂ ਦੇ ਕੰਢਿਆਂ ਦੀ ਨਿਰੰਤਰ ਸਮੇਂ ਸਿਰ ਮੁਰੰਮਤ ਅਤੇ ਸਾਂਭ-ਸੰਭਾਲ ਜ਼ਰੂਰੀ ਹੈ। ਛੋਟੀਆਂ ਨਦੀਆਂ, ਨਾਲਿਆਂ ਅਤੇ ਚੋਆਂ ਦੇ ਪਾਣੀਆਂ ਦੇ ਸਹੀ ਵਹਿਣ ਮਾਰਗਾਂ ’ਚ ਸਾਰੀਆਂ ਰੋਕਾਂ, ਨਾਜਾਇਜ਼ ਕਬਜ਼ਿਆਂ, ਗ਼ੈਰਕਾਨੂੰਨੀ ਰੇਤ ਬੱਜਰੀ ਦੇ ਖਣਨ ਅਤੇ ਖੁਦਾਈ ਦੀ ਰੋਕਥਾਮ ਜ਼ਰੂਰੀ ਹੈ। ਸਿੰਚਾਈ ਅਤੇ ਨਹਿਰੀ ਵਿਭਾਗ ਨੂੰ ਸਮੇਂ ਸਿਰ ਫੰਡ ਮੁਹੱਈਆ ਕਰਨੇ ਵੀ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ।

ਪੰਜਾਬ ਦੇ ਧਰਾਤਲ ਦੀ ਬਣਤ ਅਤੇ ਦਰਿਆਵਾਂ ਦੇ ਵਹਿਣਾਂ ਨੂੰ ਇਸ ਭੂਗੋਲਿਕ, ਇਤਿਹਾਸਕ ਅਤੇ ਪੁਰਾਤੱਤਵੀ ਦ੍ਰਿਸ਼ਟੀ ਤੋਂ ਦੇਖਦਿਆਂ ਪੰਜਾਬ ’ਚ ਇਸ ਵਾਰ ਆਏ ਹੜ੍ਹਾਂ ਕਾਰਨ ਪਈ ਮਾਰ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-