ਇੰਗਲੈਂਡ : ਪੰਜਾਬੀ ਮੂਲ ਦੇ ਨੌਜੁਆਨ ਦਾ ਕਤਲ ਕਰਨ ਦੇ ਇਲਜ਼ਾਮ ਹੇਠ ਚਾਰ ਪੰਜਾਬੀ ਮੂਲ ਦੇ ਨੌਜੁਆਨ ਗ੍ਰਿਫ਼ਤਾਰ
ਲੰਡਨ: ਪਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਇਲਾਕੇ ’ਚ 23 ਵਰ੍ਹਿਆਂ ਦੇ ਵਿਅਕਤੀ ’ਤੇ ਹੋਏ ਹਮਲੇ ਦੇ ਮਾਮਲੇ ’ਚ ਚਾਰ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ’ਤੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੀੜਤ ਵੀ ਪੰਜਾਬੀ ਮੂਲ ਦਾ ਸੀ ਅਤੇ ਘਰ-ਘਰ ਪਾਰਸਲ ਪਹੁੰਚਾਉਂਦਾ ਸੀ। ਪਿਛਲੇ ਸੋਮਵਾਰ, ਵੈਸਟ ਮਰਸੀਆ ਪੁਲਿਸ ਨੂੰ ਸ਼ਹਿਰ ਦੇ ਬਾਰਵਿਕ ਐਵੇਨਿਊ ਖੇਤਰ ’ਚ ਇਕ ਨੌਜਵਾਨ ’ਤੇ ਹਮਲੇ ਦੀ ਰੀਪੋਰਟ ਮਿਲੀ ਸੀ। ਜਦੋਂ ਤਕ ਪੁਲਿਸ ਮੌਕੇ ’ਤੇ ਪਹੁੰਚੀ, ਉਦੋਂ ਤਕ ਪੀੜਤ ਅਰਮਾਨ ਸਿੰਘ ਦੀ ਮੌਤ ਹੋ ਚੁੱਕੀ ਸੀ।
ਵੈਸਟ ਮਰਸੀਆ ਪੁਲਿਸ ਦੇ ਸੀਨੀਅਰ ਜਾਂਚ ਅਧਿਕਾਰੀ ਮਾਰਕ ਬੇਲਾਮੀ ਨੇ ਕਿਹਾ, ‘‘ਇਸ ਮੁਸ਼ਕਲ ਸਮੇਂ ’ਚ ਸਾਡੀ ਹਮਦਰਦੀ ਅਰਮਾਨ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਨ।’’
ਉਨ੍ਹਾਂ ਕਿਹਾ, “ਸਾਡੀ ਜਾਂਚ ਜਾਰੀ ਹੈ ਅਤੇ ਅਧਿਕਾਰੀ ਅਰਮਾਨ ਦੇ ਕਤਲ ਨਾਲ ਜੁੜੇ ਹਾਲਾਤ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਅਰਮਾਨ ਘਰਾਂ ’ਚ ਪਾਰਸਲ ਪਹੁੰਚਾਉਣ ਦਾ ਕੰਮ ਕਰਦਾ ਸੀ। ਅਸੀਂ ਇਸ ਘਟਨਾ ਦੀ ਡਕੈਤੀ ਵਜੋਂ ਜਾਂਚ ਨਹੀਂ ਕਰ ਰਹੇ।”