ਬਾਲੀਵੁੱਡ ਅਦਾਕਾਰ ਨੇ ਸਿੱਖ ਕਕਾਰਾਂ ਦੀ ਕੀਤੀ ਬੇਅਦਬੀ, ਕਲੀਨ-ਸ਼ੇਵ ਤੇ ਬਿਨ੍ਹਾਂ ਦਸਤਾਰ ਦੇ ਪਾਈ ਕਿਰਪਾਨ
ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਮੀਜ਼ਾਨ ਜਾਫਰੀ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੀਜ਼ਾਨ ਜਾਫਰੀ ਨੇ ਅਪਣੀ ਇਕ ਫ਼ਿਲਮ ਦੇ ਗੀਤ ਵਿਚ ਨੰਗੇ ਸਿਰ ਕਿਰਪਾਨ ਪਾ ਕੇ ਸਿੱਖ ਕਕਾਰਾਂ ਦੀ ਬੇਅਦਬੀ ਕੀਤੀ ਹੈ। ਦਰਅਸਲ ਬਾਲੀਵੁੱਡ ਫ਼ਿਲਮ ‘ਯਾਰੀਆਂ 2’ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਵਿਵਾਦਾਂ ‘ਚ ਘਿਰ ਗਈ ਹੈ।
‘ਯਾਰੀਆਂ 2’ ਦਾ ਗਾਣਾ ‘ਸਹੁਰੇ ਘਰ’ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਜਿਸ ਵਿਚ ਅਦਾਕਾਰ ਮੀਜ਼ਾਨ ਜਾਫਰੀ ਨੰਗੇ ਸਿਰ ਨਾਲ ਕਿਰਪਾਨ ਪਹਿਨੇ ਨਜ਼ਰ ਆ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਐਸਜੀਪੀਸੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਗਾਣੇ ਦੇ ਕੁੱਝ ਸਕ੍ਰੀਨਸ਼ੌਟਸ ਸ਼ੇਅਰ ਕੀਤੇ ਹਨ, ਜਿਨ੍ਹਾਂ ਵਿਚ ਅਦਾਕਾਰ ਨੂੰ ਕਿਰਪਾਨ ਪਹਿਨੇ ਦੇਖਿਆ ਜਾ ਸਕਦਾ ਹੈ।
ਸਿਰਸਾ ਨੇ ਟਵੀਟ ਕਰ ਕੇ ਲਿਖਿਆ ਕਿ ਕਿਰਪਾਨ ਸਿੱਖ ਧਰਮ ਵਿਚ ਵਿਸ਼ਵਾਸ ਦੇ ਪੰਜ ਕਕਾਰਾਂ ਵਿਚੋਂ ਇੱਕ ਹੈ ਅਤੇ ਇਹ ਵਿਸ਼ੇਸ਼ ਤੌਰ ‘ਤੇ ਖਾਲਸਾ ਮੈਂਬਰਾਂ ਲਈ ਰਾਖਵੀਂ ਹੈ। ਫਿਲਮ ਯਾਰੀਆਂ 2 ਵਿਚ ਕਿਰਪਾਨ ਨੂੰ ਗਲਤ ਤਰੀਕੇ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਇੱਕ ਕਲੀਨ-ਸ਼ੇਵ ਤੇ ਬਿਨ੍ਹਾਂ ਦਸਤਾਰ ਤੋਂ ਅਭਿਨੇਤਾ ਦੁਆਰਾ ਪਹਿਨੀ ਗਈ ਹੈ। ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਗਾਣੇ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ।