ਅਚਾਨਕ ਪਏ ਦਿਲ ਦੇ ਦੌਰੇ ਤੋਂ ਪਹਿਲਾਂ ਔਰਤਾਂ ਅਤੇ ਮਰਦਾਂ ’ਚ ਵੇਖੇ ਗਏ ਵੱਖੋ-ਵੱਖ ਲੱਛਣ
‘ਦ ਲਾਂਸੇਟ ਡਿਜੀਟਲ ਹੈਲਥ’ ਰਸਾਲੇ ’ਚ ਪ੍ਰਕਾਸ਼ਤ ਕੀਤੇ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਅਚਾਨਕ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਕੁਝ ਚੌਕਸ ਕਰਨ ਵਾਲੇ ਲੱਛਣਾਂ ਦਾ ਸਾਹਮਣਾ ਕਰਦੇ ਹਨ ਜੋ ਔਰਤਾਂ ਅਤੇ ਮਰਦਾਂ ’ਚ ਵੱਖੋ-ਵੱਖ ਹੁੰਦੇ ਹਨ।
ਅਮਰੀਕਾ ਦੇ ਕੈਲੇਫ਼ੋਰਨੀਆ ਸਥਿਤ ਕੇਡਰਸ-ਸਿਨਾਈ ਮੈਡੀਕਲ ਸੈਂਟਰ ਦੇ ਸਮਿਟ ਹਾਰਟ ਇੰਸਟੀਚਿਊਟ ਦੀ ਅਗਵਾਈ ’ਚ ਕੀਤੇ ਗਏ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਔਰਤਾਂ ਨੂੰ ਅਚਾਨਕ ਦਿਲ ਦੇ ਦੌਰੇ ਤੋਂ ਪਹਿਲਾਂ ਆਮ ਤੌਰ ’ਤੇ ਸਾਹ ਲੈਣ ’ਚ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਮਰਦਾਂ ਨੂੰ ਦਿਲ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ।
ਅਧਿਐਨ ਦੇ ਲੇਖਕ ਸੁਮਿਤ ਚੁਘ ਨੇ ਕਿਹਾ, ‘‘ਸਾਡੇ ਨਤੀਜੇ ਨਾਲ ਅਚਾਨਕ ਦਿਲ ਦੇ ਦੌਰੇ ਨੂੰ ਰੋਕਣ ਲਈ ਨਵੇਂ ਮਾਡਲ ਤੈਅ ਕਰ ਸਕਦੇ ਹਨ।’’
ਅਧਿਐਨ ਅਨੁਸਾਰ ਹਸਪਤਾਲ ਬਾਹਰ ਅਚਾਨਕ ਦਿਲ ਦਾ ਦੌਰਾ ਪੈਣ ਦੇ 90 ਫ਼ੀ ਸਦੀ ਮਾਮਲਿਆਂ ’ਚ ਰੋਗੀ ਦੀ ਜਾਨ ਚਲੀ ਜਾਂਦੀ ਹੈ ਅਤੇ ਇਸ ਲਈ ਬਿਹਤਰ ਪੇਸ਼ਨਗੋਈ ਅਤੇ ਇਸ ਸਥਿਤੀ ਦੀ ਰੋਕਥਾਮ ਦੀ ਤੁਰਤ ਜ਼ਰੂਰਤ ਹੈ।
ਖੋਜਕਰਤਾਵਾਂ ਨੇ ਇਸ ਅਧਿਐਨ ਲਈ ਅਮਰੀਕਾ ਦੇ ਦੋ ਭਾਈਚਾਰਿਆਂ ਅਧਾਰਤ ਅਧਿਅਨਾਂ ਦੇ ਅੰਕੜਿਆਂ ਦਾ ਪ੍ਰਯੋਗ ਕੀਤਾ। ਦੋਵੇਂ ਅਧਿਐਨ ਚੁਘ ਨ ਕੀਤੇ ਸਨ।