ਔਰਤ ਕੋਲੋਂ 1 ਲੱਖ 20 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਲੁਟੇਰੇ ਹੋਏ ਫਰਾਰ
ਫਿਰੋਜ਼ਪੁਰ: ਚੋਰਾਂ, ਲੁਟੇਰਿਆਂ,ਗੈਂਗਸਟਰ ਅਤੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਮਹਿਜ਼ ਪਰਚਾ ਦਰਜ ਕਰਨ ਤੱਕ ਸੀਮਿਤ ਸੂਬੇ ਦੀ ਪੁਲਿਸ ਨੂੰ ਗੈਰ ਸਮਾਜੀ ਅਨਸਰਾਂ ਵੱਲੋਂ ਇਸ ਕਦਰ ਟਿੱਚ ਜਾਣਿਆ ਜਾ ਰਿਹਾ ਹੈ ਕਿ ਉਹ ਸ਼ਰੇਆਮ ਬੇਖੌਫ ਲੋਕਾਂ ਕੋਲੋਂ ਲੁੱਟਾਂ ਖੋਹਾਂ ਕਰ ਰਹੇ ਹਨ।ਅਜਿਹੀ ਹੀ ਇੱਕ ਵਾਰਦਾਤ ਨੂੰ ਅੰਜਾਮ ਦਿੰਦਆਂ ਦੋ ਅਣਪਛਾਤੇ ਲੁਟੇਰੇ ਸੂਜੀ ਬਾਜ਼ਾਰ ਚੋਂਕ ਕੈਂਟ ਫਿਰੋਜ਼ਪੁਰ ਵਿਖੇ ਔਰਤ ਕੋਲੋਂ ਪੈਸਿਆਂ ਵਾਲਾ ਪਰਸ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 379-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ੁਸ਼ਮਾ ਸਰਦਾਨਾ ਪਤਲੀ ਸਵ. ਹਰਕ੍ਰਿਸ਼ਨ ਸਰਦਾਨਾ ਵਾਸੀ ਮਕਾਨ ਨੰਬਰ 217 ਸੂਜੀ ਬਾਜ਼ਾਰ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਵਿਚੋਂ ਪੈਸਾ ਜਮ੍ਹਾ ਕਰਵਾਉਣ ਗਈ ਸੀ ਤਾਂ ਬੈਂਕ ਵਿਚ ਭੀੜ ਜ਼ਿਆਦਾ ਹੋਣ ਕਰਕੇ ਬਿਨ੍ਹਾ ਪੈਸੇ ਜਮ੍ਹਾ ਕਰਵਾਏ ਘਰ ਵਾਪਸ ਆ ਗਈ। ਕਰੀਬ ਅੱਧਾ ਘੰਟਾ ਬਾਅਦ ਆਪਣਾ ਪਰਸ ਲੈ ਕੇ ਫਰੂਟ ਲੈਣ ਲਈ ਸਬਜ਼ੀ ਮੰਡੀ ਕੈਂਟ ਫਿਰੋਜ਼ਪੁਰ ਪੈਦਲ ਗਈ ਸੀ ਜਦ ਉਹ ਵਾਪਸ ਆ ਰਹੀ ਸੀ ਤਾਂ ਇਕ ਮੋਟਰਸਾਈਕਲ ’ਤੇ 2 ਨੌਜਵਾਨ ਆਏ ਜਿਨ੍ਹਾਂ ਨੇ ਉਸ ਦਾ ਪਰਸ ਝਪਟਮਾਰ ਕੇ ਖੋਹ ਲਿਆ, ਜਿਸ ਵਿਚ 1 ਲੱਖ 20 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ, ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਕਰਤਾ ਦੇ ਬਿਆਨਾਂ ’ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।