ਸਕੂਲਾਂ ‘ਚ ਮਾਪਿਆਂ ਦੀ ਵੀ ਲੱਗੇਗੀ ਹਾਜ਼ਰੀ, ਸਿਰਫ਼ ਬੱਚਿਆਂ ਨੂੰ ਸਕੂਲ ਵਿਚ ਦਾਖਲ਼ ਕਰਵਾਉਣ ਨਾਲ ਨਹੀਂ ਚੱਲੇਗਾ ਕੰਮ!
ਨਵੀਂ ਦਿੱਲੀ : ਬੱਚਿਆਂ ਨੂੰ ਸਕੂਲ ’ਚ ਸਿਰਫ਼ ਦਾਖ਼ਲਾ ਦਿਵਾਉਣ ‘ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਹੁਣ ਪੂਰੀ ਨਹੀਂ ਹੋਵੇਗੀ, ਬਲਕਿ ਉਨ੍ਹਾਂ ਨੂੰ ਉਸ ਦੇ ਸਮੁੱਚੇ ਵਿਕਾਸ ਲਈ ਸਕੂਲਾਂ ਨਾਲ ਜੁੜ ਕੇ ਕੰਮ ਕਰਨਾ ਪਵੇਗਾ। ਸਕੂਲਾਂ ਲਈ ਤਿਆਰ ਕੀਤੇ ਗਏ ਨਵਾਂ ਨੈਸ਼ਨਲ ਕੈਰੀਕੁਲਮ ਫਰੇਮਵਰਕ (ਐੱਨਸੀਐੱਫ) ਨੇ ਬੱਚਿਆਂ ਦੇ ਪੜ੍ਹਨ-ਪੜ੍ਹਾਉਣ ਬਾਰੇ ਇਕ ਰੋਡਮੈਪ ਤਿਆਰ ਕੀਤਾ ਹੈ, ਜਿਸ ’ਚ ਬੱਚਿਆਂ ਨੂੰ ਸਕੂਲ ’ਚ ਦਾਖ਼ਲਾ ਦਿੰਦੇ ਸਮੇਂ ਮਾਂ-ਬਾਪ ਦੀ ਓਰੀਐਂਟੇਸ਼ਨ ਕਲਾਸ ਲਗਾਈ ਜਾਵੇਗੀ।
ਇਨ੍ਹਾਂ ’ਚ ਸਕੂਲ ਦੇ ਨਾਲ-ਨਾਲ ਘਰ ਪਰਿਵਾਰ ਅਤੇ ਆਲੇ ਦੁਆਲੇ ਦੇ ਮਾਹੌਲ ਨੂੰ ਪੜ੍ਹਨ-ਪੜ੍ਹਾਉਣ ਲਾਇਕ ਬਣਾਉਣ ਦੀ ਜ਼ਰੂਰਤ ਦੱਸੀ ਗਈ ਹੈ। ਐੱਨਸੀਐੱਫ ਤਹਿਤ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸਕੂਲ ਤੋਂ ਬਾਅਦ ਜੇਕਰ ਬੱਚੇ ਕਿਤੇ ਸਭ ਤੋਂ ਵੱਧ ਸਮਾਂ ਰਹਿੰਦੇ ਹਨ, ਤਾਂ ਉਹ ਘਰ, ਪਰਿਵਾਰ ਤੇ ਆਂਢ-ਗੁਆਂਢ ਹੈ। ਇਸ ਹਾਲਤ ’ਚ ਜੇਕਰ ਉੱਥੇ ਮਾਹੌਲ ਠੀਕ ਨਹੀਂ ਤਾਂ ਸਕੂਲ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਨਹੀਂ ਬਣਾ ਸਕੇਗਾ।
ਫਿਲਹਾਲ ਇਸ ਬਾਰੇ ਜਿਨ੍ਹਾਂ ਅਹਿਮ ਕਦਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ’ਚ ਓਰੀਐਂਟੇਸ਼ਨ ਕਲਾਸ, ਪੈਰੇਂਟ-ਟੀਚਰ ਮੀਟਿੰਗ, ਮਾਤਾ-ਪਿਤਾ ਦੇ ਸੰਵਾਦ, ਸਕੂਲ ਮੈਨੇਜਮੈਂਟ ਕਮੇਟੀ ਗਠਿਤ ਕਰਨ, ਬਾਲ ਮੇਲਾ, ਪ੍ਰਦਰਸ਼ਨੀ, ਸਵੱਛਤਾ ਤੇ ਸਿਹਤ ਕੈਂਪ ਵਰਗੀਆਂ ਸਰਗਰਮੀਆਂ ਸ਼ਾਮਲ ਹਨ। ਸਕੂਲਾਂ ’ਚ ਹੋਣ ਵਾਲੇ ਹਰੇਕ ਪ੍ਰੋਗਰਾਮ ’ਚ ਮਾਪਿਆਂ ਦੇ ਨਾਲ ਹੀ ਸਮਾਜ ਦੇ ਲੋਕਾਂ ਦੀ ਭਾਈਵਾਲੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਐੱਨਸੀਐੱਫ ਅਨੁਸਾਰ ਅਜੇ ਸਕੂਲਾਂ ’ਚ ਮਾਤਾ-ਪਿਤਾ ਸਿਰਫ਼ ਦਾਖ਼ਲਾ ਦਿਵਾਉਣ ਜਾਂ ਬੱਚਿਆਂ ਦਾ ਨਤੀਜਾ ਲੈਣ ਲਈ ਆਉਂਦੇ ਹਨ। ਬਾਕੀ ਦਿਨਾਂ ’ਚ ਉਹ ਬੱਚਿਆਂ ਬਾਰੇ ਕੁੱਝ ਨਹੀਂ ਪੁੱਛਦੇ। ਇਸ ਹਾਲਤ ’ਚ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਮਾਤਾ-ਪਿਤਾ ਨੂੰ ਇਸ ਲਈ ਪ੍ਰੇਰਿਤ ਕਰਨ। ਇਹ ਯਕੀਨੀ ਬਣਾਉਣ ਕਿ ਮਾਂ-ਬਾਪ ਹਰ ਰੋਜ਼ ਸਕੂਲ ਆ ਕੇ ਬੱਚਿਆਂ ਦਾ ਹਾਲ ਜਾਣਨ ਤੇ ਉਹਨਾਂ ਬਾਰੇ ਅਧਿਆਪਕਾਂ ਤੋਂ ਪੁੱਛਣ।