ਰੂਪਨਗਰ: ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਵੱਲੋਂ 11 ਤੋਂ 13 ਸਤੰਬਰ ਤੱਕ ਕਲਮਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ, ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਤੇ ਸੂਬਾ ਵਿੱਤ ਸਕੱਤਰ ਕਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ 11 ਅਗਸਤ ਨੂੰ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ 25 ਅਗਸਤ ਤੱਕ ਕਰਨ ਲਈ ਬੇਨਤੀ ਕੀਤੀ ਗਈ ਸੀ ਪਰ ਜਥੇਬੰਦੀ ਦੀ ਕਿਸੀ ਵੀ ਮੰਗ ਦੀ ਪੂਰਤੀ ਨਹੀਂ ਹੋਈ, ਜਿਸ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਸੂਬੇ ਦੇ ਡੀਸੀ ਦਫਤਰਾਂ, ਐੱਸਡੀਐੱਮ, ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ ਦੇ ਕਰਮਚਾਰੀ 11 ਤੋਂ 13 ਸਤੰਬਰ ਤੱਕ ਕਲਮਛੋੜ ਹੜਤਾਲ ਤੇ ਰਹਿਣਗੇ। ਸ੍ਰੀ ਨੰਗਲ ਨੇ ਕਿਹਾ ਕਿ ਜੇ ਦੋ ਦਿਨਾਂ ਦੀ ਕਲਮਛੋੜ ਹੜਤਾਲ ਤੋਂ ਬਾਅਦ ਵੀ ਮਸਲੇ ਦਾ ਹੱਲ ਨਾ ਨਿਕਲਿਆ ਤਾਂ 13 ਸਤੰਬਰ ਨੂੰ ਜਥੇਬੰਦੀ ਨੂੰ ਅਗਲਾ ਸੰਘਰਸ਼ ਉਲੀਕੇਗੀ।