ਫੀਚਰਜ਼ਭਾਰਤ

ਜੀ-20 ਕਾਨਫਰੰਸ : ਬਾਂਦਰਾਂ ਨੂੰ ਦੂਰ ਰੱਖਣ ਲਈ ਤੈਨਾਤ ਕੀਤੇ ਜਾਣਗੇ ਲੰਗੂਰ ਦੀ ਆਵਾਜ਼ ਕੱਢਣ ਵਾਲੇ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿਚ ਜੀ-20 ਸੰਮੇਲਨ ਦੌਰਾਨ ਬਾਂਦਰਾਂ ਦੇ ਖਤਰੇ ਤੋਂ ਬਚਣ ਲਈ ਅਧਿਕਾਰੀ ਪ੍ਰੋਗਰਾਮ ਵਾਲੀਆਂ ਥਾਵਾਂ ’ਤੇ ਲੰਗੂਰਾਂ ਦੇ ਕੱਟਆਊਟ ਲਗਾਉਣ ਅਤੇ ਉਨ੍ਹਾਂ ਦੀ ਆਵਾਜ਼ ਕੱਢਣ ਵਾਲੇ ਲੋਕਾਂ ਨੂੰ ਤੈਨਾਤ ਕਰਨ ’ਤੇ ਵਿਚਾਰ ਕਰ ਰਹੇ ਹਨ।

ਦਿੱਲੀ ’ਚ ਬਾਂਦਰਾਂ ਦੀ ਵੱਡੀ ਗਿਣਤੀ ਹੈ, ਖ਼ਾਸ ਤੌਰ ’ਤੇ ਲੁਟੀਅਨਜ਼ ਇਲਾਕੇ ’ਚ। ਕਈ ਵਾਰ ਇਹ ਬਹੁਤ ਸ਼ਰਾਰਤਾਂ ਕਰਦੇ ਹਨ ਅਤੇ ਲੋਕਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਕੱਟ ਵੀ ਲੈਂਦੇ ਹਨ।

ਇਸ ਦੇ ਮੱਦੇਨਜ਼ਰ, ਨਵੀਂ ਦਿੱਲੀ ਨਗਰ ਕੌਂਸਲ (ਐਨ.ਡੀ.ਐਮ.ਸੀ.) ਅਤੇ ਦਿੱਲੀ ਸਰਕਾਰ ਦੇ ਜੰਗਲਾਤ ਵਿਭਾਗ ਨੇ 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਸਥਾਨਾਂ ਤੋਂ ਬਾਂਦਰਾਂ ਨੂੰ ਦੂਰ ਰੱਖਣ ਲਈ ਇਸ ਦਿਸ਼ਾ ’ਚ ਕਦਮ ਚੁੱਕੇ ਹਨ।

ਇਕ ਸਰਕਾਰੀ ਅਧਿਕਾਰੀ ਨੇ ਕਿਹਾ, ‘‘ਕਾਨਫ਼ਰੰਸ ਦੇ ਮੁੱਖ ਸਥਾਨ ਸਮੇਤ ਹੋਰ ਸਾਰੇ ਮਹੱਤਵਪੂਰਨ ਸਥਾਨਾਂ, ਵਿਦੇਸ਼ੀ ਮਹਿਮਾਨਾਂ ਦੇ ਹੋਟਲਾਂ ਨੂੰ ਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਗਮ ਦੌਰਾਨ ਬਾਂਦਰਾਂ ਦੀ ਫੌਜ ਨਜ਼ਰ ਨਾ ਆਵੇ।’’

ਐਨ.ਡੀ.ਐਮ.ਸੀ. ਦੇ ਉਪ-ਚੇਅਰਮੈਨ ਸਤੀਸ਼ ਉਪਾਧਿਆਏ ਨੇ ਕਿਹਾ ਕਿ 30-40 ਸਿਖਲਾਈ ਪ੍ਰਾਪਤ ਲੋਕਾਂ ਨੂੰ ਪ੍ਰੋਗਰਾਮ ਵਾਲੀਆਂ ਥਾਵਾਂ ਦੇ ਨੇੜੇ ਤੈਨਾਤ ਕੀਤਾ ਜਾਵਗਾ ਜੋ ਲੰਗੂਰ ਦੀ ਆਵਾਜ਼ ਕੱਢ ਸਕਣ ਅਤੇ ਬਾਂਦਰਾਂ ਨੂੰ ਡਰਾ ਸਕਣ।

ਇਕ ਅਧਿਕਾਰੀ ਨੇ ਦਸਿਆ ਕਿ ਸਰਦਾਰ ਪਟੇਲ ਮਾਰਗ ਸਮੇਤ ਵੱਖ-ਵੱਖ ਇਲਾਕਿਆਂ ’ਚ ਬਾਂਦਰ ਵੱਡੀ ਗਿਣਤੀ ’ਚ ਹਨ ਅਤੇ ਇਥੇ ਬਾਂਦਰਾਂ ਨੂੰ ਡਰਾਉਣ ਲਈ ਲੰਗੂਰਾਂ ਦੇ ਕੱਟ ਆਊਟ ਵੀ ਲਗਾਏ ਗਏ ਹਨ।

ਉਨ੍ਹਾਂ ਕਿਹਾ ਕਿ ਬਾਂਦਰਾਂ ਨੇ ਜੀ-20 ਲਈ ਵੱਖ-ਵੱਖ ਏਜੰਸੀਆਂ ਵੱਲੋਂ ਲਗਾਏ ਗਏ ਫੁੱਲਦਾਰ ਬੂਟਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-