ਫ਼ੁਟਕਲ

4 ਕੁਇੰਟਲ ਭੁੱਕੀ ਸਣੇ 4 ਤਸਕਰ ਗ੍ਰਿਫ਼ਤਾਰ

ਖੰਨਾ: ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਕਰੀਬ 4 ਕੁਇੰਟਲ ਭੁੱਕੀ ਬਰਾਮਦ ਕਰਕੇ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪੁਲਿਸ ਨੇ ਦਸਿਆ ਕਿ ਇਕ ਟਰੱਕ ਅਤੇ ਕਾਰ ਵਿਚ ਨਸ਼ੇ ਦੀ ਖੇਪ ਲਿਜਾਈ ਜਾ ਰਹੀ ਸੀ, ਪੁਲਿਸ ਨੇ ਨਾਕਿਆਂ ਉਤੇ ਚੈਕਿੰਗ ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ ਹੈ।

ਐਸ.ਐਸ.ਪੀ. ਅਮਨੀਤ ਕੌਂਡਲ ਨੇ ਦਸਿਆ ਕਿ ਖੰਨਾ ਦੇ ਡੀ.ਐਸ.ਪੀ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਸਦਰ ਥਾਣਾ ਐਸ.ਐਚ.ਓ. ਗੁਰਮੀਤ ਸਿੰਘ, ਐਸ.ਆਈ. ਤਰਵਿੰਦਰ ਕੁਮਾਰ ਬੇਦੀ ਦੀ ਟੀਮ ਨੇ ਦਹੇੜੂ ਪੁਲ ਨੇੜੇ ਇਕ ਟਰੱਕ ਨੂੰ ਰੋਕਿਆ। ਇਸ ਟਰੱਕ ਵਿਚ ਲੋਹੇ ਦੀਆਂ ਪਾਈਪਾਂ ਲੱਦੀਆਂ ਹੋਈਆਂ ਸਨ। ਪੁਲਿਸ ਨੂੰ ਸ਼ੱਕ ਹੋਇਆ ਕਿ ਇਸ ਵਿਚ ਨਸ਼ੀਲੇ ਪਦਾਰਥਾਂ ਦੀ ਖੇਪ ਹੈ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 2 ਕੁਇੰਟਲ 48 ਕਿਲੋ ਭੁੱਕੀ ਬਰਾਮਦ ਹੋਈ। ਇਸ ਦੌਰਾਨ ਸੁਖਵਿੰਦਰ ਸਿੰਘ ਲਾਡੀ ਵਾਸੀ ਸਹੋਲੀ (ਪਟਿਆਲਾ) ਅਤੇ ਗੁਰਪ੍ਰੀਤ ਸਿੰਘ ਸੋਢੀ ਵਾਸੀ ਕੁਲਗਰਾਵਾਂ (ਰੂਪਨਗਰ) ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਦੋਵਾਂ ਕੋਲੋਂ 500 ਗ੍ਰਾਮ ਅਫੀਮ ਵੀ ਬਰਾਮਦ ਹੋਈ। ਇਹਨਾਂ ਕੋਲੋਂ ਅਗਲੀ ਪੁਛਗਿਛ ਕਰ ਕੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਖੇਪ ਕਿਥੇ ਸਪਲਾਈ ਕੀਤੀ ਜਾਣੀ ਸੀ।

ਦੂਜੇ ਮਾਮਲੇ ਵਿਚ ਪੁਲਿਸ ਨੇ ਕਾਰ ਵਿਚੋਂ ਡੇਢ ਕੁਇੰਟਲ ਭੁੱਕੀ ਬਰਾਮਦ ਕੀਤੀ। ਐਸ.ਐਸ.ਪੀ. ਨੇ ਦਸਿਆ ਕਿ ਡੀ.ਐਸ.ਪੀ. ਪਾਇਲ ਨਿਖਿਲ ਗਰਗ ਅਤੇ ਮਲੌਦ ਥਾਣਾ ਐਸ.ਐਚ.ਓ. ਵਿਨੋਦ ਕੁਮਾਰ ਦੀ ਟੀਮ ਨੇ ਮਲੇਰਕੋਟਲਾ ਤੋਂ ਕੁੱਪ ਕਲਾਂ ਵੱਲ ਆ ਰਹੀ ਗੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਕਾਰ ਵਿਚ ਯੂਸਫ ਮਸੀਹ ਵਾਸੀ ਮੁੱਲਾਂਪੁਰ ਸਾਦਿਕਪੁਰ (ਫਤਿਹਗੜ੍ਹ ਸਾਹਿਬ) ਅਤੇ ਗੋਗੋ ਦੇਵੀ ਵਾਸੀ ਖਤੌਲੀ (ਪਟਿਆਲਾ) ਸਵਾਰ ਸਨ। ਕਾਰ ਵਿਚੋਂ  ਪਲਾਸਟਿਕ ਦੇ 6 ਥੈਲਿਆਂ ਵਿਚ ਭਰੀ ਡੇਢ ਕੁਇੰਟਲ ਭੁੱਕੀ ਬਰਾਮਦ ਹੋਈ। ਪੁਲਿਸ ਨੇ ਦਸਿਆ ਕਿ ਸਾਲ 2016 ‘ਚ ਯੂ.ਪੀ. ਦੇ ਮੁਜ਼ੱਫਰਨਗਰ ਥਾਣੇ ‘ਚ ਯੂਸਫ ਮਸੀਹ ਵਿਰੁਧ 20 ਕਿਲੋ ਭੁੱਕੀ ਦਾ ਮਾਮਲਾ ਦਰਜ ਹੋਇਆ ਸੀ। ਗੋਗੋ ਦੇਵੀ ਵਿਰੁਧ ਪਟਿਆਲਾ ਵਿਚ ਸ਼ਰਾਬ ਤਸਕਰੀ ਦੇ ਤਿੰਨ ਕੇਸ ਦਰਜ ਹਨ। ਯੂਸਫ ਮਸੀਹ ਪੁਲਿਸ ਤੋਂ ਬਚਣ ਲਈ ਕਾਰ ‘ਚ ਅਪਣੇ ਨਾਲ ਗੋਗੋ ਦੇਵੀ ਨੂੰ ਬਿਠਾ ਲੈਂਦਾ ਸੀ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-