ਪੁਰਾਤਨ ਇਤਿਹਾਸ ਨੂੰ ਅਪਣੀ ਬੁੱਕਲ ਵਿਚ ਸਮੋਈ ਬੈਠਾ ਬੱਸੀ ਪਠਾਣਾਂ (ਸੁਰਿੰਦਰ ਸਿੰਘ ਰਸੂਲਪੁਰ)
ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇਤਿਹਾਸਕ ਸ਼ਹਿਰ ਬੱਸੀ ਪਠਾਣਾਂ ਪੁਰਾਤਨ ਇਤਿਹਾਸ ਨੂੰ ਅਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਇਥੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸ਼ਹਿਰ ਦੀ ਸਥਾਪਨਾ ਸ਼ੇਰਸ਼ਾਹ ਸੂਰੀ ਦੇ ਸਮੇਂ ਸੰਨ 1540 ਵਿਚ ਕੀਤੀ ਗਈ ਦੱਸੀ ਜਾਂਦੀ ਹੈ। ਵੈਦ ਵਿਦਿਆ ਪ੍ਰਕਾਸ਼ ਵਲੋਂ ਪ੍ਰਕਾਸ਼ਤ ਹਿੰਦੀ ਭਾਸ਼ਾ ਵਿਚ ਲਿਖੇ ਕਿਤਾਬਚੇ ਅਨੁਸਾਰ ਇਸ ਸ਼ਹਿਰ ਨੂੰ ਪਟਿਆਲਾ ਨਿਜ਼ਾਮ ਦੇ ਮਲਿਕ ਹੈਦਰ ਨੇ ਅਪਣੀ ਪਤਨੀ ਬਸੋਈ ਦੇ ਨਾਮ ਉਤੇ ਵਸਾਇਆ ਸੀ ਜੋ ਬਾਅਦ ਵਿਚ ਬੱਸੀ ਬਣ ਗਿਆ। ਇਸ ਦੀ ਪੁਸ਼ਟੀ ਮਲਿਕ ਹੈਦਰ ਦੀ ਸ਼ਹਿਰ ਵਿਚ ਬਣੀ ਯਾਦਗਾਰ ਖਾਨਗਾਹ ਕਰਦੀ ਹੈ ਜਿਸ ਨੂੰ ਦਰਬਾਰੇ ਨਬੀ ਵੀ ਕਿਹਾ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁਸਲਮਾਨ ਪਠਾਣਾਂ ਨੇ ਇਸ ਸ਼ਹਿਰ ਨੂੰ ਵਿਉਪਾਰ ਦਾ ਕੇਂਦਰ ਬਣਾ ਲਿਆ ਜਿਸ ਕਰ ਕੇ ਇਹ ਬੱਸੀ ਪਠਾਣਾਂ ਨਾਲ ਮਸ਼ਹੂਰ ਹੋ ਗਿਆ। ਇਸ ਸ਼ਹਿਰ ਵਿਚ ਸਥਿਤ ਪੁਰਾਤਨ ਇਮਾਰਤਾਂ ਅੱਜ ਵੀ ਮੁਸਲਮਾਨੀ ਸੱਤਾ ਦੇ ਹੰਢਾਏ ਪਲਾਂ ਦਾ ਇਕ ਵਿਲੱਖਣ ਦਿ੍ਰਸ਼ ਪੇਸ਼ ਕਰਦੀਆਂ ਹਨ। ਸੰਨ 1925 ਵਿਚ ਇਸ ਸ਼ਹਿਰ ਨੂੰ ਭਾਰਤ ਦੀ ਪਹਿਲੀ ਸਿਲਾਈ ਮਸ਼ੀਨ ਬਣਾਉਣ ਦਾ ਮਾਣ ਹਾਸਲ ਹੋਇਆ ਹੈ।
ਸਰਹਿੰਦ ਦੇ ਸੂਬੇਦਾਰ ਨੇ ਇਕ ਫ਼ੌਜੀ ਦਸਤਾ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਦੀ ਕਮਾਨ ਹੇਠ ਭੇਜਿਆ ਜਿਸ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਗਿ੍ਰਫ਼ਤਾਰ ਕਰ ਕੇ ਸਰਹਿੰਦ ਭੇਜ ਦਿਤਾ। ਸਰਹਿੰਦ ਦੇ ਸੂਬੇਦਾਰ ਨੇ ਗੁਰੂ ਜੀ ਨੂੰ ਇਕ ਵੱਡੇ ਪਿੰਜਰੇ ਵਿਚ ਬੰਦ ਕਰ ਕੇ ਬੱਸੀ ਪਠਾਣਾਂ ਕਿਲ੍ਹੇ ਅੰਦਰ ਕੈਦ ਕਰ ਲਿਆ ਅਤੇ ਇਸ ਦੀ ਇਤਲਾਹ ਔਰੰਗਜ਼ੇਬ ਨੂੰ ਭੇਜ ਦਿਤੀ। ਸਰਹਿੰਦ ਵਾਸੀ ਭਾਈ ਭੰਡਾਰੀ ਸਿੱਖ ਨੇ ਗੁਰੂ ਜੀ ਦੇ ਗਿ੍ਰਫ਼ਤਾਰ ਹੋਣ ਦੀ ਖ਼ਬਰ ਚੱਕ ਨਾਨਕੀ ਮਾਤਾ ਨਾਨਕੀ ਕੋਲ ਭੇਜੀ। ਇਸ ਗਿ੍ਰਫ਼ਤਾਰੀ ਦੀ ਪੁਸ਼ਟੀ ਮਾਤਾ ਜੀ ਨੇ ਦੀਵਾਨ ਦਰਘਾ ਮੱਲ ਅਤੇ ਚਉਪਤ ਰਾਇ ਨੂੰ ਸਰਹਿੰਦ ਭੇਜ਼ ਕੇ ਕੀਤੀ। ਇਤਿਹਾਸਕਾਰ ਪਿਆਰਾ ਸਿੰਘ ਪਦਮ ਵਲੋਂ ਸੰਪਾਦਤ ਕੀਤੀ ਪੁਸਤਕ ਗੁਰੂ ਕੀਆਂ ਸਾਖੀਆਂ ਅਤੇ ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ ਸਿੱਖ ਤਵਾਰੀਖ ਅਨੁਸਾਰ ਗੁਰੂ ਤੇਗ ਬਹਾਦਰ ਸਾਹਬ ਬੱਸੀ ਪਠਾਣਾਂ ਦੇ ਕਿਲ੍ਹੇ ਅੰਦਰ ਤਿੰਨ ਮਹੀਨੇ ਕੈਦ ਵਿਚ ਰਹੇ। ਇਸ ਸਮੇਂ ਔਰੰਗਜ਼ੇਬ ਨੇ ਸਰਹਿੰਦ ਦੇ ਮੁਸਲਮਾਨ ਨਕਸ਼ਬੰਦੀ ਫ਼ਿਰਕੇ ਦੇ ਸ਼ੇਖ਼ ਅਹਿਮਦ ਦੇ ਗੱਦੀ ਨਸ਼ੀਨ ਸ਼ੇਖ਼ ਸੈਫ਼-ਉਦ-ਦੀਨ ਦੀ ਗੁਰੂ ਜੀ ਨੂੰ ਇਸਲਾਮ ਧਰਮ ਵਿਚ ਲਿਆਉਣ ਦੀ ਡਿਊਟੀ ਲਗਾਈ।
ਇਹ ਮੁਸਲਮਾਨ ਫ਼ਕੀਰ ਕਈ ਵਾਰੀ ਗੁਰੂ ਜੀ ਨੂੰ ਬੱਸੀ ਪਠਾਣਾਂ ਕਿਲ੍ਹੇ ਅੰਦਰ ਮਿਲਣ ਲਈ ਆਇਆ ਲੇਕਿਨ ਉਹ ਗੁਰੂ ਜੀ ਨੂੰ ਇਸਲਾਮ ਦੀ ਉਚਤਾ ਦੱਸਣ ਵਿਚ ਕਾਮਯਾਬ ਨਾ ਹੋ ਸਕਿਆ। ਅਖੀਰ ਗੁਰੂ ਜੀ ਨੂੰ ਇਸ ਕਿਲ੍ਹੇ ਵਿਚੋਂ ਲੈ ਜਾ ਕੇ 3 ਨਵੰਬਰ 1675 ਨੂੰ ਮੌਜੂਦਾ ਸੀਸ ਗੰਜ ਵਾਲੀ ਜਗਾਹ ਕੋਤਵਾਲੀ ਦਿੱਲੀ ਵਿਚ ਕੈਦ ਕਰ ਦਿਤਾ ਗਿਆ। ਇਸ ਕਿਲ੍ਹੇ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਾਅਦ ਵਿਚ ਵੀ ਸਬ ਜੇਲ ਦੇ ਰੂਪ ਵਿਚ ਵਰਤਿਆ ਜਾਂਦਾ ਰਿਹਾ ਹੈ। ਇਸ ਕਿਲ੍ਹੇ ਦੇ ਪ੍ਰਵੇਸ਼ ਦੁਆਰ ਦੇ ਖਾਲੀ ਪਏ ਸਥਾਨ ’ਤੇ ਸਿੱਖ ਧਰਮ ਦੇ ਪ੍ਰਤੀਕ ਖੰਡੇ ਨੂੰ ਸਥਾਪਤ ਕੀਤਾ ਗਿਆ ਹੈ। ਇਸ ਕਿਲ੍ਹੇ ਨੂੰ ਪੁਰਾਤੱਤਵ ਵਿਭਾਗ ਵਲੋਂ ਮੁਰੰਮਤ ਕਰਵਾਇਆ ਜਾ ਰਿਹਾ ਹੈ ਜਿਸ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ 5 ਅਤੇ 6 ਦਸੰਬਰ 1705 ਦੀ ਰਾਤ ਨੂੰ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਸਦਾ ਲਈ ਛੱਡ ਦਿਤਾ ਤਾਂ ਭਾਈ ਬਚਿੱਤਰ ਸਿੰਘ ਅਤੇ ਪਾਲਿਤ ਜ਼ੋਰਾਵਰ ਸਿੰਘ ਦਾ ਮੁਕਾਬਲਾ ਮਲਕਪੁਰ ਦੇ ਰੰਘੜਾਂ ਨਾਲ ਹੋ ਗਿਆ। ਇਸ ਲੜਾਈ ਵਿਚ ਦੋਵੇਂ ਸ਼ੂਰਬੀਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਕੋਟਲਾ ਨਿਹੰਗ ਦੇ ਕਿਲ੍ਹੇ ਅੰਦਰ ਪਹੁੰਚਾਇਆ। ਭਾਈ ਬਚਿੱਤਰ ਸਿੰਘ ਜੀ 8 ਦਸੰਬਰ 1705 ਦੇ ਦਿਨ ਸ਼ਹੀਦ ਹੋ ਗਏ। ਇਸ ਸਮੇਂ ਨਿਹੰਗ ਖ਼ਾਨ ਦੀ ਬੇਟੀ ਮੁਮਤਾਜ਼ ਨੇ ਭਾਈ ਬਚਿੱਤਰ ਸਿੰਘ ਦੀ ਜੋ ਸੇਵਾ ਕੀਤੀ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਬੀਬੀ ਮੁਮਤਾਜ਼ ਬੱਸੀ ਪਠਾਣਾਂ ਦੇ ਇਕ ਮੁਸਲਮਾਨ ਨਾਲ ਮੰਗੀ ਹੋਈ ਸੀ ਜਿਸ ਨੇ ਅਪਣੀ ਰਹਿੰਦੀ ਉਮਰ ਭਾਈ ਬਚਿੱਤਰ ਸਿੰਘ ਦੀ ਵਿਧਵਾ ਵਜੋਂ ਗੁਜ਼ਾਰ ਦਿਤੀ। ਪਾਲਿਤ ਜ਼ੋਰਾਵਰ ਸਿੰਘ ਦਾ ਜਨਮ ਭਾਈ ਨੱਥੂ ਰਾਮਲੋਟੇ ਤਰਖਾਣ ਅਤੇ ਮਾਤਾ ਭਿੱਖੀ ਦੇ ਘਰ 24 ਦਸੰਬਰ 1696 ਦੇ ਦਿਨ ਬੱਸੀ ਪਠਾਣਾਂ, ਮਹੱਲਾ ਬੜਾ ਵਹਿੜਾ ਵਿਚ ਹੋਇਆ ਸੀ। ਇਸ ਪ੍ਰਵਾਰ ਨੇ ਸਾਰੀ ਜ਼ਿੰਦਗੀ ਗੁਰੂ ਘਰ ਵਿਚ ਹੀ ਬਿਤਾਈ ਸੀ। ਇਸ ਦੀ ਮਾਤਾ ਭਿੱਖੀ ਇਕ ਵੱਡੇ ਘਰ ਦੀ ਧੀ ਸੀ ਜਿਸ ਦੇ ਪਿਤਾ ਬਾਬਾ ਭਾਨਾ ਸਰਕਾਰੀ ਕਾਨੂੰਗੋ ਸਨ।