ਭਾਰਤ

ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ-ਸਤਨਾਮ ਸਿੰਘ ਚਾਹਲ

 ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਲਿਖੇ ਇੱਕ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਸ.  ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ।ਇਸ ਚਿਠੀ ਦੀ ਇਕ ਨਕਲ ਪਰੈਸ ਨੂੰ ਜਾਰੀ ਕਰਦਿਆਂ ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਦਸਿਆ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ 23 ਮਾਰਚ 1931 ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ। ਪਰ ਇਹ ਦੁਖਦਾਈ ਗੱਲ ਹੈ  ਕਿ ਭਾਰਤ ਸਰਕਾਰ ਜਿਥੇ ਆਜ਼ਾਦੀ ਘੁਲਾਟੀਆਂ ਨੂੰ ਸਹੂਲਤਾਂ ਦੇ ਨਾਲ ਪੈਨਸ਼ਨ ਦਿੰਦੀ ਹੈ ਪਰ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਵੀ ਨਹੀਂ ਕੀਤੀ ਜਾਂਦੀ।

 ਸ: ਚਾਹਲ ਨੇ  ਕੁਝ ਜਥੇਬੰਦੀਆਂ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਚਾਹਲ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਐਲਾਨਣ ਦੀ ਮੰਗ ਹਰ ਸਾਲ ਉਨ੍ਹਾਂ ਦੇ ਜਨਮ ਅਤੇ ਬਰਸੀ ਮੌਕੇ ਕੀਤੀ ਜਾਂਦੀ ਹੈ। ਇਹ ਹੋਰ ਵੀ ਮੰਦਭਾਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਕੋਟ ਲਖਪਤ ਜੇਲ੍ਹ ਵਿੱਚ ਸ਼ਹੀਦ ਹੋਏ ਸਰਬਜੀਤ ਸਿੰਘ ਨੂੰ ਤਾਂ ‘ਕੌਮੀ ਸ਼ਹੀਦ’ ਐਲਾਨ ਦਿੱਤਾ ਸੀ, ਪਰ ਭਗਤ ਸਿੰਘ ਤੇ ਹੋਰਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ  ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਕੁਝ ਅਖਬਾਰਾਂ ਵਿਚ ਇਹ ਖਬਰ ਛਪੀ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਕੋਈ ਕਾਨੂੰਨੀ ਆਧਾਰ ਨਹੀਂ ਹੈ।

 ਇੱਕ ਪਾਸੇ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ “ਸ਼ਹੀਦ” ਵਜੋਂ ਕੋਈ ਅਧਿਕਾਰਤ ਮਾਨਤਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸੰਵਿਧਾਨ ਦਾ ਆਰਟੀਕਲ 18 ਰਾਜ ਦੁਆਰਾ ਕੋਈ ਵੀ ਉਪਾਧੀ ਪ੍ਰਦਾਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ ਪਰ ਦੂਜੇ ਪਾਸੇ ਆਮ ਤੌਰ ਤੇ ਉੱਚ ਪੱਧਰੀ ਸਿਆਸੀ ਸ਼ਖ਼ਸੀਅਤਾਂ ਨੂੰ ਅਜਿਹਾ ਸਨਮਾਨ ਦਿੱਤਾ ਜਾਂਦਾ ਹੈ। ਭਾਰਤ ਰਤਨ, ਜੰਗ ਦੇ ਸ਼ਹੀਦਾਂ ਅਤੇ ਫੌਜ ਵਿੱਚ ਬਹਾਦਰ ਸ਼ਖਸੀਅਤਾਂ ਨੂੰ ਵੀਰ ਚੱਕਰ ਪੁਰਸਕਾਰ, ਵੱਖ-ਵੱਖ ਨਾਗਰਿਕ ਸੇਵਾਵਾਂ ਦੇ ਹੋਣਹਾਰ ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

 ਚਾਹਲ ਨੇ ਕਿਹਾ ਕਿ ਜੇਕਰ ਭਾਰਤ ਦੇ ਸੰਵਿਧਾਨ ਦੀ ਧਾਰਾ 18 ਭਾਰਤ ਰਤਨ ਅਤੇ ਪਦਮ ਪੁਰਸਕਾਰਾਂ ਨੂੰ ਰੋਕ ਨਹੀਂ ਸਕਦੀ, ਤਾਂ ਹੋਣਹਾਰ ਸ਼ਖਸੀਅਤਾਂ ਨੂੰ ਮਾਨਤਾ ਦੇਣ, ਭਗਤ ਸਿੰਘ ਨੂੰ ਸਰਕਾਰੀ ਸ਼ਹੀਦ ਦਾ ਦਰਜਾ ਦੇਣ ਤੋਂ ਬਚਣ ਲਈ ਆਧਾਰ ਵਜੋਂ ਬੇਨਤੀ ਕਰਨਾ ਤਰਕਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਾਨੀਜਨਕ ਤੌਰ ਤੇ ਭਗਤ ਸਿੰਘ ਵਰਗੇ ਮਹਾਨ ਨਾਇਕਾਂ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਸੈਨਾ ਦੇ ਮੈਂਬਰਾਂ ਅਤੇ ਹੋਰ ਕ੍ਰਾਂਤੀਕਾਰੀਆਂ ਨੂੰ ਕਾਂਗਰਸ ਅਤੇ ਗੈਰ-ਕਾਂਗਰਸੀ ਦੋਵਾਂ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-