ਫ਼ੁਟਕਲ

ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਾਬਕਾ ਸਪੀਕਰ ਸਰਦਾਰ ਹੁਕਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਨਵੀਂ ਦਿੱਲੀ: ਲੋਕ ਸਭਾ ਦੇ ਸਾਬਕਾ ਸਪੀਕਰ ਸਰਦਾਰ ਹੁਕਮ ਸਿੰਘ ਦੀ ਜੈਯੰਤੀ ਮੌਕੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਸਮੇਤ ਹੋਰਾਂ ਨੇ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਸਕੱਤਰੇਤ ਦੇ ਬਿਆਨ ਅਨੁਸਾਰ, ਸੰਸਦ ਭਵਨ ਦੇ ਕੇਂਦਰੀ ਹਾਲ ’ਚ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਅਤੇ ਲੋਕ ਸਭਾ ਤੇ ਰਾਜ ਸਭਾ ਸਕੱਤਰੇਤਾਂ ਦੇ ਅਧਿਕਾਰੀਆਂ ਨੇ ਸਰਦਾਰ ਹੁਕਮ ਸਿੰਘ ਨੂੰ ਸ਼ਰਧਾਂਜਲੀ ਦਿਤੀ।

ਬਿਆਨ ਅਨੁਸਾਰ ਸਰਦਾਰ ਹੁਕਮ ਸਿੰਘ ਇਕ ਉੱਘੇ ਸੰਸਦ ਮੈਂਬਰ, ਪ੍ਰਸਿੱਧ ਨਿਆਂ ਵਿਦਵਾਨ, ਸਮਾਜ ਸੁਧਾਰਕ ਅਤੇ ਸਮਰੱਥ ਪ੍ਰਸ਼ਾਸਕ ਸਨ। ਅਪ੍ਰੈਲ 1948 ’ਚ ਉਹ ਸੰਵਿਧਾਨ ਸਭਾ ਲਈ ਚੁਣੇ ਗਏ। ਉਹ ਅੰਤਰਿਮ ਸੰਸਦ (1950-52) ਦੇ ਨਾਲ ਹੀ ਪਹਿਲੀ, ਦੂਜੀ ਅਤੇ ਤੀਜੀ ਲੋਕ ਸਭਾ ਦੇ ਮੈਂਬਰ ਵੀ ਰਹੇ।

ਸਰਦਾਰ ਹੁਕਮ ਸਿੰਘ ਨੂੰ 20 ਮਾਰਚ, 1956 ਨੂੰ ਲੋਕ ਸਭਾ ਦੇ ਉਪ ਸਪੀਕਰ ਅਹੁਦੇ ਲਈ ਚੁਣਿਆ ਗਿਆ ਸੀ ਅਤੇ ਦੂਜੀ ਲੋਕ ਸਭਾ ਦੌਰਾਨ ਉਨ੍ਹਾਂ ਨੂੰ ਮੁੜ ਉਸੇ ਅਹੁਦੇ ਲਈ ਚੁਣਿਆ ਗਿਆ ਸੀ। ਸਰਦਾਰ ਹੁਕਮ ਸਿੰਘ ਨੂੰ ਤੀਜੀ ਲੋਕ ਸਭਾ ’ਚ ਸਰਬਸੰਮਤੀ ਨਾਲ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ ਅਤੇ ਉਹ 17 ਅਪ੍ਰੈਲ, 1962 ਤੋਂ 16 ਮਾਰਚ, 1967 ਤਕ ਲੋਕ ਸਭਾ ਦੇ ਸਪੀਕਰ ਰਹੇ। ਬਾਅਦ ’ਚ ਉਹ 1967 ਤੋਂ 1972 ਤਕ ਰਾਜਸਥਾਨ ਦੇ ਰਾਜਪਾਲ ਰਹੇ।

ਉਨ੍ਹਾਂ ਨੇ 1951 ’ਚ ਅੰਗਰੇਜ਼ੀ ਸਪੋਕਸਮੈਨ ਹਫ਼ਤਾਵਾਰ ਰਸਾਲਾ ਸ਼ੁਰੂ ਕੀਤਾ ਸੀ ਅਤੇ ਕਈ ਸਾਲਾਂ ਤਕ ਇਸ ਦੇ ਸੰਪਾਦਕ ਰਹੇ। ਉਨ੍ਹਾਂ ਨੇ ਦੋ ਪੁਸਤਕਾਂ ‘ਦ ਸਿੱਖ ਕਾਊਜ਼’ ਅਤੇ ‘ਦ ਪ੍ਰਾਬਲਮ ਆਫ਼ ਦ ਸਿੱਖਜ਼’ ਵੀ ਲਿਖੀਆਂ। ਸਰਦਾਰ ਹੁਕਮ ਸਿੰਘ 27 ਮਈ, 1983 ਨੂੰ ਅਕਾਲ ਚਲਾਣਾ ਕਰ ਗਏ।

ਇਸ ਖ਼ਬਰ ਬਾਰੇ ਕੁਮੈਂਟ ਕਰੋ-