ਫ਼ੁਟਕਲ

ਮੱਧ ਪ੍ਰਦੇਸ਼ : ਕਾਰਖ਼ਾਨੇ ’ਚ ਸ਼ੱਕੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਪੰਜ ਮਜ਼ਦੂਰਾਂ ਦੀ ਮੌਤ

ਮੁਰੈਨਾ (ਮੱਧ ਪ੍ਰਦੇਸ਼): ਮੁਰੈਨਾ ਜ਼ਿਲ੍ਹੇ ’ਚ ਸਥਿਤ ਇਕ ਫ਼ੂਡ ਪ੍ਰੋਸੈਸਿੰਗ ਕੰਪਨੀ ’ਚ ਬੁਧਵਾਰ ਨੂੰ ਕਾਰਖ਼ਾਨੇ ’ਚੋਂ ਨਿਕਲੀ ਸ਼ੱਕੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਭਰਾਵਾਂ ਸਮੇਤ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ।

ਇਕ ਸੀਨੀਅਰ ਅਧਿਕਾਰੀਨੇ ਕਿਹਾ ਕਿ ਘਟਨਾ ਜ਼ਿਲ੍ਹੇ ਦੇ ਧਨੇਲਾ ਇਲਾਕੇ ’ਚ ਸਥਿਤ ਸਾਕਸ਼ੀ ਫ਼ੂਡ ਪ੍ਰੋਡਕਟਸ ਦੇ ਕਾਰਖ਼ਾਨੇ ’ਚ ਵਾਪਰੀ।

ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਭੁਪਿੰਦਰ ਸਿੰਘ ਕੁਸ਼ਵਾਹ ਨੇ ਕਿਹਾ ਕਿ ਸਵੇਰੇ ਲਗਭਗ 11 ਵਜੇ ਫ਼ੂਡ ਪ੍ਰੋਸੈਸਿੰਗ ਕਾਰਖ਼ਾਨੇ ’ਚ ਇਕ ਟੈਂਕ ’ਚੋਂ ਗੈਸ ਨਿਕਲਣ ਲੱਗੀ, ਜਿਸ ਦੀ ਜਾਂਚ ਕਰਨ ਲਈ ਦੋ ਮਜ਼ਦੂਰ ਉਸ ’ਚ ਵੜੇ ਪਰ ਗੈਸ ਚੜ੍ਹਨ ਕਾਰਨ ਬਿਮਾਰ ਹੋ ਗਏ। ਇਸ ਤੋਂ ਬਾਅਦ ਤਿੰਨ ਹੋਰ ਮਜ਼ਦੂਰ ਗੈਸ ਚੜ੍ਹਨ ਕਾਰਨ ਪ੍ਰਭਾਵਤ ਹੋਏ।

ਕੁਸ਼ਵਾਹ ਨੇ ਕਿਹਾ ਕਿ ਸਾਰੇ ਮਜ਼ਦੂਰਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿਥੇ ਸਿਵਲ ਸਰਜਨ ਗਜੇਂਦਰ ਸਿੰਘ ਤੋਮਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਖਵਾ ਦਿਤਾ।

ਕਾਰਖ਼ਾਨੇ ’ਚ ਫ਼ੂਡ ਪ੍ਰੋਸੈਸਿੰਗ ਉਤਪਾਦਾਂ ’ਚ ਪ੍ਰਯੋਗ ਹੋਣ ਵਾਲੇ ਚੈਰੀ ਅਤੇ ਸ਼ੂਗਰ ਫ਼੍ਰੀ ਰਸਾਇਣ ਬਣਾਏ ਜਾਂਦੇ ਹਨ। ਮ੍ਰਿਤਕਾਂ ਦੀ ਪਛਾਣ ਭਰਾ ਰਾਮ ਅਵਤਾਰ ਗੁਜਰਜ (35), ਰਾਮਨਰੇਸ਼ ਗੁਰਜਰ (40), ਵੀਰ ਸਿੰਘ ਗੁਰਜਰ (30), ਗਣੇਸ਼ ਗੁਰਜਰ (40) ਅਤੇ ਗਿਰੀਰਾਜ ਗੁਰਜਰ (28) ਵਜੋਂ ਹੋਈ ਹੈ। ਇਹ ਟਿਕਟੋਲੀ ਪਿੰਡ ਦੇ ਵਾਸੀ ਸਨ।

ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਖ਼ਾਨੇ ਨੂੰ ਖ਼ਾਲੀ ਕਰਵਾ ਦਿਤਾ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਜ਼ਦੂਰਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-