ਦੇਸ਼-ਵਿਦੇਸ਼ਫੀਚਰਜ਼

ਗੈਬੋਨ ’ਚ ਫ਼ੌਜ ਨੇ ਰਾਸ਼ਟਰਪਤੀ ਨੂੰ ਹਟਾ ਕੇ ਤਖ਼ਤਾਪਲਟ ਦਾ ਦਾਅਵਾ ਕੀਤਾ

ਡਾਕਾਰ: ਮੱਧ ਅਫ਼ਰੀਕੀ ਦੇਸ਼ ਗੈਬੋਨ ’ਚ ਬੁਧਵਾਰ ਨੂੰ ਫ਼ੌਜ ਵਲੋਂ ਤਖ਼ਤਾਪਲਟ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਭਾਰੀ ਗਿਣਤੀ ’ਚ ਲੋਕ ਸੜਕਾਂ ’ਤੇ ਜਸ਼ਨ ਮਨਾਉਂਦੇ ਦਿਸੇ।

ਵਿਦਰੋਹੀ ਫ਼ੌਜੀਆਂ ਨੇ ਰਾਸ਼ਟਰਪਤੀ ਚੋਣਾਂ ਦੇ ਨਤੀਜੇ ’ਚ ਰਾਸ਼ਟਰਪਤੀ ਅਲੀ ਬੋਂਗੋ ਓਂਡਿੰਬਾ (64) ਦੀ ਜਿੱਤ ਦੇ ਐਲਾਨ ਤੋਂ ਕੁਝ ਘੰਟ ਬਾਅਦ ਸਰਕਾਰੀ ਟੈਲੀਵਿਜ਼ਨ ’ਤੇ ਤਖ਼ਤਾਪਲਟ ਦਾ ਦਾਅਵਾ ਕੀਤਾ। ਬਾਗ਼ੀ ਫ਼ੌਜੀਆਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਅਲੀ ਬੋਂਗੋ ਓਡਿੰਬਾ ਨੂੰ ਨਜ਼ਰਬੰਦ ਕਰ ਕੇ ਰਖਿਆ ਗਿਆ ਹੈ। ਤਖ਼ਤਾਪਲਟ ਮਗਰੋਂ ਸਰਕਾਰ ਦੇ ਹੋਰ ਲੋਕਾਂ ਨੂੰ ਵੀ ਵੱਖੋ-ਵੱਖ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਨਜ਼ਰਬੰਦੀ ’ਚ ਹੀ ਰਾਸ਼ਟਰਪਤੀ ਅਲੀ ਬੋਂਗੋ ਓਡਿੰਬਾ ਨੇ ਜਨਤਾ ਨੂੰ ਤਖ਼ਤਾ ਪਲਟ ਦਾ ‘ਵਿਰੋਧ’ ਕਰਨ ਨੂੰ ਕਿਹਾ ਹੈ। ਇਕ ਵੀਡੀਉ ’ਚ ਰਾਸ਼ਟਰਪਤੀ ਅਲੀ ਬੋਂਗੋ ਓਡਿੰਬਾ ਇਕ ਕੁਰਸੀ ’ਤੇ ਬੈਠੇ ਦਿਸੇ ਜਿਨ੍ਹਾਂ ਪਿੱਛੇ ਕਿਤਾਬਾਂ ਨਾਲ ਭਰੀ ਇਕ ਅਲਮਾਰੀ ਦਿਸ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਪਣੇ ਘਰ ’ਚ ਸਨ ਜਦਕਿ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਕਿਸੇ ਹੋਰ ਥਾਂ ’ਤੇ ਸਨ।

ਇਸ ਘਟਨਾਕ੍ਰਮ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਓਡਿੰਬਾ ਦਾ ਪ੍ਰਵਾਰ ਪਿਛਲੇ ਲਗਭਗ 55 ਸਾਲਾਂ ਤੋਂ ਦੇਸ਼ ਦੀ ਸੱਤਾ ’ਤੇ ਕਾਬਜ਼ ਰਿਹਾ ਹੈ।

ਰਾਸ਼ਟਰਪਤੀ ਚੋਣਾਂ ’ਚ ਓਡਿੰਬਾ ਦੀ ਜਿੱਤ ਦੇ ਐਲਾਨ ਤੋਂ ਤੁਰਤ ਬਾਅਦ ਰਾਜਧਾਨੀ ਲਿਵਰਵਿਲੇ ’ਚ ਗੋਲੀਆਂ ਦੀ ਆਵਾਜ਼ ਸੁਣਾਈ ਦਿਤੀ। ਇਸ ਤੋਂ ਬਾਅਦ ਦਰਜਨ ਭਰ ਫ਼ੌਜੀਆਂ ਨੇ ਸਰਕਾਰੀ ਟੈਲੀਵਿਜ਼ਨ ’ਤੇ ਸੱਤਾ ਅਪਣੇ ਹੱਥਾਂ ’ਚ ਲੈਣ ਦਾ ਦਾਅਵਾ ਕੀਤਾ।  ਭੀੜ ਓਡਿੰਬਾ ਦੇ ਸ਼ਾਸਨ ਦੇ ਕਥਿਤ ਅੰਤ ਦਾ ਜਸ਼ਨ ਮਨਾਉਣ ਲਈ ਸ਼ਹਿਰ ਦੀਆਂ ਸੜਕਾਂ ’ਤੇ ਉਤਰ ਆਈ ਅਤੇ ਫ਼ੌਜੀਆਂ ਨਾਲ ਕੌਮੀ ਤਰਾਨਾ ਗਾਇਆ।

ਸਥਾਨਕ ਨਾਗਰਿਕ ਯੋਲਾਂਡੇ ਓਕੋਮੋ ਨੇ ਕਿਹਾ, ‘‘ਧਨਵਾਦ ਫ਼ੌਜ। ਆਖ਼ਰ ਅਸੀਂ ਇਸ ਪਲ ਦਾ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ।’’ ਦੁਕਾਨਦਾਰ ਵਿਵਿਅਨ ਐਮ. ਨੇ ਫ਼ੌਜੀਆਂ ਨੂੰ ਜੂਸ ਦੀ ਪੇਸ਼ਕਸ਼ ਕੀਤੀ, ਜਿਸ ਨੇ ਉਨ੍ਹਾਂ ਨੂੰ ਨਾਮਨਜ਼ੂਰ ਕਰ ਦਿਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-