ਫੀਚਰਜ਼ਫ਼ੁਟਕਲ

ਮਹਾਰਾਸ਼ਟਰ ‘ਚ ਫਿਰ ਨਜ਼ਰ ਆ ਸਕਦੀ ਹੈ ‘ਚਾਚਾ-ਭਤੀਜੇ’ ਦੀ ਜੋੜੀ, ਸ਼ਰਦ ਤੇ ਅਜੀਤ ਪਵਾਰ ਦੇ ਇਕੱਠੇ ਆਉਣ ਦੇ ਸੰਕੇਤ

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਦੋ ਧੜੇ ਬਣੇ ਨੂੰ ਇਕ ਮਹੀਨਾ ਵੀ ਨਹੀਂ ਬੀਤਿਆ ਹੈ ਕਿ ਇਸ ਦੌਰਾਨ ਚਰਚਾ ਸ਼ੁਰੂ ਹੋ ਗਈ ਹੈ ਕਿ ਇਕ ਵਾਰ ਫਿਰ ਦੋਵੇਂ ਧੜੇ ਇਕੱਠੇ ਹੋ ਸਕਦੇ ਹਨ। 2 ਜੁਲਾਈ ਨੂੰ ਐਨ.ਸੀ.ਪੀ.  ਦੇ 9 ਵਿਧਾਇਕ ਅਜੀਤ ਪਵਾਰ ਨਾਲ ਮਹਾਰਾਸ਼ਟਰ ਸਰਕਾਰ ਵਿਚ ਸ਼ਾਮਲ ਹੋਏ ਅਤੇ ਸਿੱਧੇ ਕੈਬਨਿਟ ਮੰਤਰੀ ਬਣ ਗਏ। ਅਜੀਤ ਪਵਾਰ ਉਪ ਮੁੱਖ ਮੰਤਰੀ ਬਣੇ। ਅਜੀਤ ਪਵਾਰ ਅਤੇ ਸ਼ਰਦ ਪਵਾਰ ਧੜਿਆਂ ਨੇ ਵੱਖੋ-ਵੱਖਰੇ ਸਿਆਸੀ ਰਾਹ ਅਪਣਾਏ। ਸ਼ਰਦ ਪਵਾਰ ਦੇ ਧੜੇ ਨੇ ਮਹਾਵਿਕਾਸ ਅਗਾੜੀ ਰਾਹੀਂ ਅਪਣੀ ਰਾਜਨੀਤੀ ਜਾਰੀ ਰੱਖੀ। ਇਸ ਦਾ ਸੱਭ ਤੋਂ ਵੱਧ ਅਸਰ ਐਨ.ਸੀ.ਪੀ. ਵਰਕਰਾਂ ‘ਤੇ ਪਿਆ ਹੈ।

ਇਸ ਦੌਰਾਨ ਮੁੰਬਈ ਵਿਚ ਇੰਡੀਆ ਗਠਜੋੜ ਦੀ ਬੈਠਕ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਸਵਾਲ ਇਹ ਹੈ ਕਿ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਕਿਸ ਖੇਮੇ ਵਿਚ ਹਨ। ਉਨ੍ਹਾਂ ਦਾ ਭਤੀਜਾ ਅਜੀਤ ਪਵਾਰ ਪਾਰਟੀ ਛੱਡ ਕੇ ਹੁਣ ਭਾਜਪਾ ਨਾਲ ਹੈ। ਉਹ ਲਗਾਤਾਰ ਸ਼ਰਦ ਪਵਾਰ ਨੂੰ ਮਿਲ ਰਹੇ ਹਨ। ਸ਼ਰਦ ਪਵਾਰ ਨੇ ਇਹ ਵੀ ਕਿਹਾ ਹੈ ਕਿ ਅਜੀਤ ਪਵਾਰ ਐਨ.ਸੀ.ਪੀ. ਦੇ ਨੇਤਾ ਬਣੇ ਰਹਿਣਗੇ। ਇਸ ਨਾਲ ਸਿਰਫ਼ ਪਾਰਟੀ ਵਰਕਰ ਹੀ ਭੰਬਲਭੂਸੇ ਵਿਚ ਨਹੀਂ ਹਨ, ਸਗੋਂ I.N.D.I.A. ਵਿਚ ਸ਼ਾਮਲ ਪਾਰਟੀਆਂ ਵੀ ਦੁਚਿੱਤੀ ਵਿਚ ਹਨ।

ਐਨ.ਸੀ.ਪੀ. ਆਗੂ. ਸੁਨੀਲ ਤਤਕਰੇ ਨੇ ਦਸਿਆ ਕਿ ਐਨ.ਸੀ.ਪੀ. ਦੇ ਦੋਵੇਂ ਧੜਿਆਂ ਦੇ ਇਕੱਠੇ ਹੋਣ ਦੇ ਸਵਾਲ ਦਾ ਜਵਾਬ ਸਮਾਂ ਆਉਣ ‘ਤੇ ਮਿਲੇਗਾ। ਸ਼ਰਦ ਪਵਾਰ ਧੜੇ ਨੇ ਵੀ ਇਸ ਅਹਿਮ ਮੁੱਦੇ ‘ਤੇ ਟਿੱਪਣੀ ਕੀਤੀ। ਐਨ.ਸੀ.ਪੀ. ਦੇ ਕੌਮੀ ਬੁਲਾਰੇ ਕਲਾਈਡ ਕ੍ਰਾਸਟੋ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼ਰਦ ਪਵਾਰ ਮਹਾਰਾਸ਼ਟਰ ਦਾ ਦੌਰਾ ਕਰਨ ਜਾ ਰਹੇ ਹਨ।

ਐਨ.ਸੀ.ਪੀ. ਵਿਚ ਫੁੱਟ ਤੋਂ ਬਾਅਦ ਵੀ ਦੋਵਾਂ ਪਾਰਟੀਆਂ ਦੇ ਆਗੂਆਂ ਵਿਚ ਕੋਈ ਕੁੜੱਤਣ ਨਹੀਂ ਆਈ ਹੈ। ਜਯੰਤ ਪਾਟਿਲ ਨੇ ਸੁਨੀਲ ਤਤਕਰੇ ਨਾਲ ਮੁਲਾਕਾਤ ਕੀਤੀ ਸੀ। ਇਸ ਲਈ ਦੋਵੇਂ ਧੜਿਆਂ ਵਲੋਂ ਪਾਰਟੀ ਦਾ ਝੰਡਾ ਲੈ ਕੇ ‘ਰਾਸ਼ਟਰਵਾਦੀ ਫਿਰ ਤੋਂ’ ਦੇ ਨਾਹਰੇ ਲਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-