ਲੋਕ ਸਭਾ ਚੋਣਾਂ ਇਕਜੁਟ ਹੋ ਕੇ ਲੜੇਗਾ ‘ਇੰਡੀਆ’ ਗਠਜੋੜ; ਸੀਟਾਂ ’ਤੇ ਤਾਲਮੇਲ ਛੇਤੀ ਕਰਨ ਦਾ ਐਲਾਨ
ਮੁੰਬਈ: ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਕਰਵਾਰ ਨੂੰ ਇਕ ਅਹਿਮ ਫੈਸਲਾ ਕੀਤਾ ਅਤੇ ਇਕਜੁਟ ਹੋ ਕੇ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ। ਗਠਜੋੜ ਨੇ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ ਬਹੁਤ ਜਲਦੀ ਕਰ ਲਈ ਜਾਵੇਗੀ।
ਤਾਲਮੇਲ ਕਮੇਟੀ ਹੀ ਗਠਜੋੜ ਦੀ ਸਿਖਰਲੀ ਇਕਾਈ ਵਜੋਂ ਕੰਮ ਕਰੇਗੀ। ਇਸ ਕਮੇਟੀ ’ਚ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਡੀ.ਐੱਮ.ਕੇ. ਦੇ ਨੇਤਾ ਟੀ.ਆਰ. ਬਾਲੂ, ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ, ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ, ਭਾਰਤੀ ਕਮਿਊਨਿਸਟ ਪਾਰਟੀ ਦੇ ਡੀ. ਰਾਜਾ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮਹਿਬੂਬਾ ਮੁਫਤੀ ਸ਼ਾਮਲ ਹਨ।
ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਸਰਕਾਰ ਦੀ ਤਾਨਾਸ਼ਾਹੀ ਅਤੇ ‘ਦੋਸਤ ਪਰਿਵਾਰਵਾਦ’ ਵਿਰੁਧ ਲੜਨਗੀਆਂ। ਵਿਰੋਧੀ ਗਠਜੋੜ ‘ਇੰਡੀਆ’ ਦੀ ਬੈਠਕ ਤੋਂ ਬਾਅਦ ਠਾਕਰੇ ਨੇ ਕਿਹਾ, ‘‘ਅੱਜ ਗਠਜੋੜ ਦੀ ਤੀਜੀ ਬੈਠਕ ਹੋਈ। ‘ਇੰਡੀਆ’ ਦਿਨੋਂ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ।’’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੀਟਿੰਗ ’ਚ ਸ਼ਾਮਲ ਹੋਣ ਵਾਲੇ ਆਗੂ 60 ਫੀ ਸਦੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ ਅਤੇ ਜੇਕਰ ਉਹ ਇਕਜੁਟ ਹੋ ਕੇ ਚੋਣਾਂ ਲੜਦੇ ਹਨ ਤਾਂ ਭਾਰਤੀ ਜਨਤਾ ਪਾਰਟੀ ਲਈ ਜਿੱਤਣਾ ਅਸੰਭਵ ਹੋਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵਿਰੋਧੀ ਗਠਜੋੜ ਭਾਜਪਾ ਨੂੰ ਆਸਾਨੀ ਨਾਲ ਹਰਾ ਦੇਵੇਗਾ। ਡੀ.ਐਮ.ਕੇ. ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸ਼ੁਕਰਵਾਰ ਨੂੰ ਵਿਰੋਧੀ ਗਠਜੋੜ ‘ਇੰਡੀਆ’ ਦੇ ਭਾਈਵਾਲਾਂ ਨੂੰ ਤੁਰਤ ਇਕ ਸਾਂਝਾ ਘੱਟੋ-ਘੱਟ ਪ੍ਰੋਗਰਾਮ (ਸੀ.ਐਮ.ਪੀ.) ਤਿਆਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਗਠਜੋੜ ਦਾ ਚਿਹਰਾ ਹੋਵੇਗਾ। ਉਨ੍ਹਾਂ ਕਿਹਾ, ‘‘ਇਹ (ਸੀ.ਐਮ.ਪੀ.) ਵਿਰੋਧੀ ਗਠਜੋੜ ‘ਇੰਡੀਆ’ ਦਾ ਚਿਹਰਾ ਹੋਵੇਗਾ। ਭਾਜਪਾ ਸਰਕਾਰ ਨੇ ਦੇਸ਼ ਨੂੰ ਕਈ ਤਰ੍ਹਾਂ ਨਾਲ ਬਰਬਾਦ ਕੀਤਾ ਹੈ। ਇਹ (ਸੀ.ਐਮ.ਪੀ.) ਲੋਕਾਂ ਦੇ ਸਾਹਮਣੇ ਇਕ ਬਲੂਪ੍ਰਿੰਟ ਪੇਸ਼ ਕਰੇ ਕਿ ਬਦਲਾਅ ਲਈ ਸਾਡੀ ਯੋਜਨਾ ਕੀ ਹੈ।